ਆਰਮੀ ਵੈਟਰਨ ਵੈਲਫੇਅਰ ਯੂਨੀਅਨ ਨੇ ਕੀਤੀ ਜ਼ਿਲ੍ਹਾ ਪੱਧਰੀ ਇਕੱਤਰਤਾ ਆਰਮੀ ਵੈਟਰਨ ਵੈਲਫੇਅਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
Publish Date: Sun, 30 Aug 2026 05:12 PM (IST)
Updated Date: Sun, 30 Aug 2026 05:13 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨ ਵੈਲਫੇਅਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ (ਰਿਟਾ.) ਦੀ ਪ੍ਰਧਾਨਗੀ ਹੇਠ ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਮੀਟਿੰਗ ’ਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ’ਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਅਤੇ ਹੱਕਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਐਸਡੀ ਕੰਟੀਨ ਨੂੰ ਮੁੜ ਸ਼ੁਰੂ ਕਰਵਾਉਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸੈਨਿਕ ਬੋਰਡ ਦੀ ਡਾਇਰੈਕਟਰ ਲੈਫਟੀਨੈਂਟ ਕਰਨਲ ਅਮਨਦੀਪ ਕੌਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਆਸ ਹੈ ਕਿ ਇਹ ਕੰਟੀਨ ਜਲਦ ਹੀ ਸ਼ੁਰੂ ਹੋ ਜਾਵੇਗੀ। ਮੀਟਿੰਗ ਦੌਰਾਨ ਕੈਪਟਨ ਜੋਗਿੰਦਰ ਸਿੰਘ ਨੇ ਬੱਚਿਆਂ ਦੀ ਉੱਚ ਸਿੱਖਿਆ ’ਤੇ ਜ਼ੋਰ ਦਿੱਤਾ। ਨਾਲ ਹੀ ਸਾਬਕਾ ਸੈਨਿਕਾਂ ਨੂੰ ਈਸੀਐਚਐਸ (ECHS) ਹਸਪਤਾਲਾਂ ’ਚ ਇਲਾਜ ਦੇ ਦਸਤਾਵੇਜ਼ ਸੰਭਾਲਣ ਅਤੇ ਸਾਈਬਰ ਧੋਖਾਧੜੀ ਤੋਂ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਸਾਬਕਾ ਸੈਨਿਕਾਂ ਨੂੰ ਸਰਕਾਰੀ ਨੌਕਰੀਆਂ ’ਚ 13 ਫੀਸਦੀ ਰਾਖਵੇਂ ਕੋਟੇ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ, ਜਿਸ ’ਚ ਫੌਜ ਤੋਂ ਰਿਟਾਇਰਮੈਂਟ ਤੋਂ ਬਾਅਦ ਸਰਕਾਰੀ ਅਧਿਆਪਕ ਬਣੇ ਹੌਲਦਾਰ ਪਰਮਜੀਤ ਸਿੰਘ ਥਾਂਦੇ ਦੀ ਉਦਾਹਰਨ ਸਾਂਝੀ ਕੀਤੀ ਗਈ। ਮੀਟਿੰਗ ਦੌਰਾਨ ਬੀਐਸਐਫ ਤੋਂ ਹੌਲਦਾਰ ਜਗਨੰਦਨ ਸਿੰਘ ਅਤੇ ਇੱਕ ਵੀਰ ਨਾਰੀ ਭੈਣ ਨੂੰ ਯੂਨੀਅਨ ’ਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹੌਲਦਾਰ ਮੇਜਰ ਸਿੰਘ, ਖਜ਼ਾਨਚੀ ਹੌਲਦਾਰ ਬਲਵਿੰਦਰ ਸਿੰਘ ਮੋਤਲੇਵਾਲਾ, ਸਟੇਜ ਸੈਕਟਰੀ ਸੂਬੇਦਾਰ ਜਸਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਹੌਲਦਾਰ ਜਸਵੀਰ ਸਿੰਘ, ਬਲਾਕ ਪ੍ਰਧਾਨ ਹੌਲਦਾਰ ਇਕਬਾਲ ਸਿੰਘ, ਬਲਾਕ ਪ੍ਰਧਾਨ ਹੌਲਦਾਰ ਬੋਹੜ ਸਿੰਘ, ਸਲਾਹਕਾਰ ਸੂਬੇਦਾਰ ਬਲਵਿੰਦਰ ਸਿੰਘ, ਕੈਪਟਨ ਗੁਰਮੀਤ ਸਿੰਘ, ਬਲਾਕ ਪ੍ਰਧਾਨ ਵਜ਼ੀਰ ਸਿੰਘ, ਬਲਾਕ ਪ੍ਰਧਾਨ ਜਗਸੀਰ ਸਿੰਘ ਸਮੇਤ ਹੋਰ ਕਈ ਆਗੂ ਅਤੇ ਮੈਂਬਰ ਹਾਜ਼ਰ ਸਨ। ਮੀਟਿੰਗ ਦੇ ਅੰਤ ’ਚ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਦੁਹਰਾਇਆ ਕਿ ਯੂਨੀਅਨ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਹੱਕਾਂ, ਸਨਮਾਨ ਅਤੇ ਸੁਵਿਧਾਵਾਂ ਲਈ ਹਰ ਦੁੱਖ-ਸੁੱਖ ਵਿੱਚ ਹਮੇਸ਼ਾਂ ਡਟ ਕੇ ਨਾਲ ਖੜ੍ਹੀ ਰਹੇਗੀ।