ਖੇਤੀਬਾੜੀ ਮੰਤਰੀ ਦੇ ਘਰ ਅੱਗੇ ਲਗਾਤਾਰ ਧਰਨਾ 20 ਤੋਂ : ਭਾਕਿਯੂ ਏਕਤਾ ਉਗਰਾਹਾਂ ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਤਿਆਰੀ ਮੀਟਿੰਗ ਹੋਈ
Publish Date: Mon, 17 Aug 2026 07:20 PM (IST)
Updated Date: Mon, 17 Aug 2026 07:21 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਿੱਦੜਬਾਹਾ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਗੁਪਤਸਰ ਛੱਤੇਆਣਾ ਵਿਖੇ ਬਲਾਕ ਦੇ ਸੀਨੀਅਰ ਮੀਤ ਅਜੈਬ ਸਿੰਘ ਮੱਲਣ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਮਜ਼ਦੂਰਾਂ ਕਿਸਾਨਾਂ ਵੱਲੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ 20 ਅਗਸਤ ਤੋਂ ਲਗਾਤਾਰ ਦਿਨ ਰਾਤ ਧਰਨਾ ਦੇਣ ਲਈ ਪਿੰਡ ਪਿੰਡ ਮੀਟਿੰਗਾਂ ਤੇ ਰਾਸ਼ਨ ਇੱਕਠ ਕਰਨ ਟਰੈਕਟਰ ਟਰਾਲੀਆਂ ਹੋਰ ਵਹੀਕਲਾਂ ਨਾਲ ਤਿਆਰੀਆਂ ਮੁਕੰਮਲ ਕਰਨ ਸਬੰਧੀ ਚਰਚਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ, ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਖੇਤੀ ਨੀਤੀ ਲਾਗੂ ਕਰਨ ਵਰਗੇ ਵਾਅਦੇ ਪੂਰੇ ਨਾਂ ਕਰਨ ਦੇ ਦੋਸ਼ ਵੀ ਲਾਏ। ਜ਼ਿਲਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੋਸ਼ ਲਾਇਆ ਕਿ ਆਪ ਸਰਕਾਰ ਬਣਨ ਸਾਰ 28 ਮਾਰਚ 2022 ਨੂੰ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦੇ ਮੁਆਵਜ਼ੇ ਦੀ ਮੰਗ ਸਬੰਧੀ ਪ੍ਰਦਰਸ਼ਨ ਕਰਦੇ ਮਜ਼ਦੂਰਾਂ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਅੰਦੋਲਨਾਂ ਦੌਰਾਨ ਬਣੇ ਸਾਰੇ ਕੇਸ ਵਾਪਸ ਲੈਣ ਅਤੇ ਬਣਦਾ ਮੁਆਵਜਾ ਦੇਣ ਦਾ ਫੈਸਲਾ ਕੀਤਾ ਗਿਆ ਸੀ ਪ੍ਰੰਤੂ ਕੇਸ ਵਾਪਸ ਲੈਣ ਦੀ ਥਾਂ ਆਗੂਆਂ ਦੇ ਅਦਾਲਤੀ ਵਰੰਟ ਜ਼ਾਰੀ ਕਰਵਾ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਮੰਤਰੀ ਵੱਲੋਂ ਕਈ ਵਾਰ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਿਆਸੀ ਰੰਜ਼ਿਸ਼ ਤਹਿਤ ਕੇਸ ਵਾਪਸ ਨਹੀਂ ਲਏ ਜਾ ਰਹੇ। ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਵਾਰ ਵਾਰ ਕਿਸਾਨ ਮਜ਼ਦੂਰ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਲੰਬਾ ਸਮਾਂ ਬੀਤਣ ਤੇ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਅਜੇ ਵੀ ਕਈ ਹੱਕਦਾਰਾਂ ਨੂੰ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਆਖਿਆ ਕਿ 20 ਅਗਸਤ ਤੋਂ ਲਾਏ ਜਾ ਰਹੇ ਧਰਨੇ ਦੌਰਾਨ ਹੋਰਨਾਂ ਅੰਦੋਲਨਾਂ ਦੌਰਾਨ ਬਣੇ ਕੇਸਾਂ ਸਮੇਤ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ਼ ਕੇਸ ਵਾਪਸ ਲੈਣ, ਰਹਿੰਦਾ ਮੁਆਵਜ਼ਾ ਅਦਾ ਕਰਨ , ਮੀਹਾਂ ਅਤੇ ਗੜੇਮਾਰੀ ਕਾਰਨ ਡਿੱਗੇ ਮਕਾਨਾਂ ਤੇ ਫਸਲਾਂ ਦਾ ਮੁਆਵਜ਼ਾ ਦੇਣ, ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ, ਪੰਚਾਇਤੀ ਤੇ ਸਾਮਲਾਟ ਜ਼ਮੀਨਾਂ ਤੇ ਕਾਬਜ਼ ਮਜ਼ਦੂਰਾਂ ਕਿਸਾਨਾਂ ਦਾ ਉਜਾੜਾ ਰੋਕਣ, ਮਜ਼ਦੂਰਾਂ ਨੂੰ ਕੱਟੇ ਪਲਾਟਾ ਦੇ ਕਬਜ਼ੇ ਦੇਣ, ਮਜ਼ਦੂਰ ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ, ਘਰਾਂ ਚੋਂ ਪੁੱਟੇ ਮੀਟਰ ਬਿਨਾਂ ਸ਼ਰਤ ਲਾਉਣ , ਲਿਫਟ ਪੰਪਾਂ ਨੂੰ ਪਾਏ ਨਜਾਇਜ਼ ਜੁਰਮਾਨੇ ਖ਼ਤਮ ਕਰਨ ਅਤੇ ਆਈਟੀ ਆਈ ਬਾਦਲ ਨੂੰ ਮੁੜ ਚਾਲੂ ਕਰਨ ਦੀ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਪ੍ਰਧਾਨ ਹਰਮੰਦਰ ਸਿੰਘ ਭੋਲਾ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਅਜੈਬ ਸਿੰਘ ਛੱਤੇਆਣਾ, ਸੁਖਜਿੰਦਰ ਸਿੰਘ, ਜਗਰਾਜ ਸਿੰਘ ਸੁਖ਼ਨਾ, ਰਣਜੀਤ ਸਿੰਘ ਖਾਲਸਾ, ਬੁੱਟਰ ਬਖੂਹਾ, ਸੁਖਦੇਵ ਸਿੰਘ ਖੂਨਣ ਖੁਰਦ, ਮਿੱਠਾ ਲਾਲ ਆਦਿ ਕਿਸਾਨ ਆਗੂ ਹਾਜ਼ਰ ਸਨ।