ਬਰੀਵਾਲਾ ਵਾਸੀਆਂ ਦੀ 30 ਸਾਲ ਪੁਰਾਣੀ ਮੰਗ ਪੂਰੀ, ਵਿਧਾਇਕ ਕਾਕਾ ਬਰਾੜ ਨੇ ਰੱਖਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਬਰੀਵਾਲਾ ਵਾਸੀਆਂ ਦੀ 30 ਸਾਲ ਪੁਰਾਣੀ ਮੰਗ ਪੂਰੀ, ਵਿਧਾਇਕ ਕਾਕਾ ਬਰਾੜ ਨੇ ਰੱਖਿਆ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ
Publish Date: Sat, 11 Jul 2026 04:50 PM (IST)
Updated Date: Sat, 11 Jul 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਮੰਡੀ ਬਰੀਵਾਲਾ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੁੱਖ ਮੰਗ ਨੂੰ ਅੱਜ ਉਸ ਵੇਲੇ ਬੂਰ ਪੈ ਗਿਆ ਜਦੋਂ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਇੱਥੇ ਬਣਨ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ। ਇਸ ਮੌਕੇ ਇਕੱਤਰ ਹੋਏ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਦੌਰਾਨ ‘ਆਪ’ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਸਾਡੀ ਸਰਕਾਰ ਸਿਰਫ਼ ਖੋਖਲੇ ਨੀਂਹ ਪੱਥਰ ਰੱਖਣ ’ਚ ਯਕੀਨ ਨਹੀਂ ਰੱਖਦੀ, ਬਲਕਿ ਅਸਲ ਵਿਕਾਸ ਕਾਰਜ ਕਰਵਾਉਣ ’ਚ ਵਿਸ਼ਵਾਸ ਰੱਖਦੀ ਹੈ। ਵਿਧਾਇਕ ਨੇ ਦੱਸਿਆ ਕਿ ਬਰੀਵਾਲਾ ਦੇ ਲੋਕ ਪਿਛਲੇ ਲਗਭਗ ਤਿੰਨ ਦਹਾਕਿਆਂ (30 ਸਾਲਾਂ) ਤੋਂ ਸੀਵਰੇਜ ਦੀ ਮੰਗ ਕਰ ਰਹੇ ਸਨ ਪਰ ਮੌਕੇ ਦੀਆਂ ਸਰਕਾਰਾਂ ਨੇ ਸਿਰਫ਼ ਵੋਟਾਂ ਦੀ ਰਾਜਨੀਤੀ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਸਾਲ 2010 ’ਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇੱਥੇ ਸੀਵਰੇਜ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ, ਜੋ ਲਗਭਗ 16 ਸਾਲਾਂ ਤੱਕ ਧੂੜ ਫੱਕਦਾ ਰਿਹਾ ਅਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਜਦਕਿ ਆਪ ਸਰਕਾਰ ਨੇ ਪਹਿਲਾਂ ਟ੍ਰੀਟਮੈਂਟ ਪਲਾਂਟ ਲਈ ਲੋੜੀਂਦਾ ਸਾਮਾਨ ਮੌਕੇ ਤੇ ਮੰਗਵਾਇਆ ਅਤੇ ਉਸ ਤੋਂ ਬਾਅਦ ਹੀ ਇਸ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਰੀਵਾਲਾ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਿਨ੍ਹਾਂ ਕਲੋਨੀਆਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਸੀ, ਉੱਥੇ ਵਾਟਰ ਵਰਕਸ ਦੀਆਂ ਪਾਈਪਾਂ ਪਾ ਕੇ ਸਾਫ਼ ਪਾਣੀ ਪਹੁੰਚਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਬਰੀਵਾਲਾ ਨਗਰ ਪੰਚਾਇਤ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਹੈ ਉਦੋਂ ਤੋਂ ਹੀ ਨਵ-ਨਿਯੁਕਤ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਯਤਨਸ਼ੀਲ ਸਨ। ਇਸ ਮੌਕੇ ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਜ਼ਸ਼ਨ ਬਰਾੜ ਨੇ ਆਖਿਆ ਕਿ ਹਲਕੇ ਦੇ ਵਿਕਾਸ ਲਈ ਵਿਧਾਇਕ ਕਾਕਾ ਬਰਾੜ ਹਮੇਸ਼ਾ ਤੱਤਪਰ ਰਹੇ ਹਨ ਜਿਸ ਸਦਕਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ’ਚ 150 ਕਰੋੜ ਤੇ ਮੰਡੀ ਬਰੀਵਾਲਾ ਦੇ ਪ੍ਰੋਜੈਕਟ ਲਈ 24 ਕਰੋੜ ਰੁਪਏ ਪਾਸ ਹੋਕੇ ਆ ਗਏ ਹਨ। ਇਸ ਪ੍ਰੋਜ਼ੈਕਟ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਇਤਿਹਾਸਕ ਸ਼ੁਰੂਆਤ ਲਈ ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਸੀਨੀਅਰ ਆਗੂ ਜਗਸੀਰ ਕੁਮਾਰ ਚਰਨਾ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ ਤੇ ਮੀਤ ਪ੍ਰਧਾਨ ਲਤਾ ਰਾਣੀ ਨੇ ਜਿੱਥੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਵੀ ਦਿਲੋਂ ਸ਼ੁਕਰੀਆ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕਾਰਜ਼ ਸੰਪੂਰਨ ਹੋਇਆ। ਇਸ ਉਦਘਾਟਨੀ ਸਮਾਰੋਹ ਦੌਰਾਨ ਮਾਰਕੀਟ ਕਮੇਟੀ ਮੁਕਤਸਰ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕੀਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਨ ਸਿੰਘ ਵਾਲਾ, ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜ਼ਿਲ੍ਹਾ ਕੱਚਾ ਆੜ੍ਹਤੀਆ ਯੂਨੀਅਨ ਮੁਕਤਸਰ ਦੇ ਪ੍ਰਧਾਨ ਜਗਸੀਰ ਕੁਮਾਰ ਚਰਨਾ, ਕੱਚਾ ਆੜਤੀਆ ਐਸੋਸੀਏਸ਼ਨ ਮੁਕਤਸਰ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਟਰੱਕ ਯੂਨੀਅਨ ਦੇ ਪ੍ਰਧਾਨ ਤੇ ਕੌਂਸਲਰ ਸੁਖਜਿੰਦਰ ਸਿੰਘ ਬੱਬਲੂ ਬਰਾੜ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਨੀਆ, ਧਰਮਜੀਤ ਸਿੰਘ ਵੜਿੰਗ, ਬਲਜੀਤ ਸਿੰਘ ਕੰਗ ਸਰਪੰਚ ਮਰਾੜ੍ਹ ਕਲਾਂ, ਜਗਸੀਰ ਸਿੰਘ ਸਰਪੰਚ ਜੰਮੂਆਣਾ, ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਕਾਲਾ, ਸੀਵਰੇਜ ਬੋਰਡ ਦੇ ਐਸਡੀਓ ਪਾਰਸ ਵਰਮਾ, ਜੂਨੀਅਰ ਇੰਜੀਨੀਅਰ ਹਰਜਿੰਦਰ ਸਿੰਘ, ਨਗਰ ਪੰਚਾਇਤ ਦੇ ਜੇਈ ਸੁਖਦੀਪ ਸਿੰਘ, ਇੰਸਪੈਕਟਰ ਹਰਦੇਵ ਸਿੰਘ, ਵਿਧਾਇਕ ਦੇ ਨਿੱਜੀ ਸਹਾਇਕ ਵਿੱਕੀ ਕੁਮਾਰ ਡਮੋਲੀਆ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਪੰਚ-ਸਰਪੰਚ ਅਤੇ ਵੱਡੀ ਗਿਣਤੀ ’ਚ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।