- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਸਾਲ ਪਹਿਲਾਂ ਮੁਕਤਸਰ-ਮਲੋਟ ਹਾਈਵੇਅ ਦੇ ਨਿਰਮਾਣ ਲਈ ਵੱਢੇ ਗਏ ਸਨ 3,048 ਰੁੱਖ

- ਹੁਣ ਲਗਾਏ ਜਾਣਗੇ ਨੌਂ ਹਜ਼ਾਰ ਬੂਟੇ
- ਮਾਨਸੂਨ ’ਚ ਚਲਾਇਆ ਵੱਡਾ ਬੂਟਾ ਲਗਾਓ ਮੁਹਿੰਮ, ਜ਼ਿਲ੍ਹੇ ’ਚ 6.5 ਲੱਖ ਬੂਟੇ ਲਗਾਉਣ ਦਾ ਟੀਚਾ
- ਮਲੋਟ ਰੋਡ ਹਾਈਵੇ ’ਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਵਾਤਾਵਰਣ ਦੀ ਸੰਭਾਲ ਅਤੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵਣ ਵਿਭਾਗ ਨੇ ਮਾਨਸੂਨ ਦੇ ਸੀਜ਼ਨ ’ਚ ਵੱਡੇ ਪੱਧਰ ’ਤੇ ਬੂਟੇ ਲਗਾਓ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਮੁਹਿੰਮ ਤਹਿਤ ਕੁੱਲ 6.5 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਦੂਜੇ ਪਾਸੇ ਮੁਕਤਸਰ-ਮਲੋਟ ਰਾਸ਼ਟਰੀ ਹਾਈਵੇ ਦੇ ਦੋਵੇਂ ਪਾਸੇ ਲਗਭਗ ਨੌਂ ਹਜ਼ਾਰ ਬੂਟੇ ਲਗਾਏ ਜਾਣਗੇ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਜਦੋਂ ਇਹ ਹਾਈਵੇ ਬਣਾਇਆ ਗਿਆ ਸੀ ਤਾਂ ਸੜਕ ਨੂੰ ਚੌੜਾ ਕਰਨ ਲਈ 3,048 ਰੁੱਖ ਵੱਢੇ ਗਏ ਸਨ। ਹੁਣ ਵਣ ਵਿਭਾਗ ਇਸ ਹਾਈਵੇ ’ਤੇ ਨੌਂ ਹਜ਼ਾਰ ਬੂਟੇ ਲਗਾ ਕੇ ਵੱਢੇ ਗਏ ਰੁੱਖਾਂ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਈਵੇ ’ਤੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਵਣ ਵਿਭਾਗ ਦਾ ਟੀਚਾ ਇਸ ਸੜਕ ਨੂੰ ਗ੍ਰੀਨ ਬੈਲਟ (ਹਰਿਆਵਲ ਪੱਟੀ) ਵਿੱਚ ਬਦਲਣਾ ਹੈ ਤਾਂ ਜੋ ਇਲਾਕੇ ਦਾ ਵਾਤਾਵਰਣ ਸੰਤੁਲਨ ਬਣਿਆ ਰਹੇ ਅਤੇ ਆਉਣ ਵਾਲੇ ਸਾਲਾਂ ’ਚ ਸੜਕ ਦੇ ਕਿਨਾਰੇ ਸੰਘਣੀ ਛਾਂ ਮਿਲ ਸਕੇ। ਵਣ ਗਾਰਡ ਰਾਜਵੀਰ ਸਿੰਘ ਨੇ ਦੱਸਿਆ ਕਿ ਮਾਨਸੂਨ ਬੂਟੇ ਲਗਾਉਣ ਲਈ ਸਭ ਤੋਂ ਢੁੱਕਵਾਂ ਸਮਾਂ ਹੈ। ਇਸ ਦੌਰਾਨ ਮਿੱਟੀ ’ਚ ਨਮੀ ਜ਼ਿਆਦਾ ਹੋਣ ਕਰ ਕੇ ਬੂਟਿਆਂ ਦੇ ਜਿਊਂਦੇ ਰਹਿਣ ਦੀ ਦਰ ਵੱਧ ਜਾਂਦੀ ਹੈ ਅਤੇ ਉਹ ਤੇਜ਼ੀ ਨਾਲ ਵੱਧਦੇ ਹਨ। ਵਿਭਾਗ ਨੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹਨ।
- ਵੱਢੇ ਗਏ ਰੁੱਖਾਂ ਦੀ ਭਰਪਾਈ ਲਈ ਵਿਸ਼ੇਸ਼ ਪਹਿਲ
ਲਗਭਗ ਦੋ ਸਾਲ ਪਹਿਲਾਂ ਮੁਕਤਸਰ-ਮਲੋਟ ਸੜਕ ਨੂੰ 152.58 ਕਰੋੜ ਦੀ ਲਾਗਤ ਨਾਲ ਚੌੜਾ ਕਰ ਕੇ 12 ਮੀਟਰ ਕੀਤਾ ਗਿਆ ਸੀ। 30 ਕਿਲੋਮੀਟਰ ਲੰਬੇ ਇਸ ਹਿੱਸੇ ’ਚ ਸੜਕ ਚੌੜੀ ਕਰਨ ਦੌਰਾਨ ਕਰੀਬ 3,048 ਰੁੱਖ ਵੱਢੇ ਗਏ ਸਨ। ਵਾਤਾਵਰਣ ਨੂੰ ਹੋਏ ਇਸ ਨੁਕਸਾਨ ਦੀ ਭਰਪਾਈ ਲਈ ਹੁਣ ਵਣ ਵਿਭਾਗ ਨੇ ਬੂਟੇ ਲਗਾਉਣ ਨੂੰ ਪਹਿਲ ਦਿੱਤੀ ਹੈ। ਇਸੇ ਲੜੀ ਤਹਿਤ ਮੁਕਤਸਰ-ਮਲੋਟ ਰੋਡ ’ਤੇ ਨੌਂ ਹਜ਼ਾਰ ਨਵੇਂ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋਇਆ ਹੈ। ਵਿਭਾਗ ਨੇ ਸੜਕ ਕਿਨਾਰੇ, ਖਾਲੀ ਪਈ ਸਰਕਾਰੀ ਜ਼ਮੀਨ ਅਤੇ ਨਹਿਰਾਂ ਦੇ ਆਸ-ਪਾਸ ਅਜਿਹੇ ਸਥਾਨ ਨਿਸ਼ਾਨਦੇਹ ਕੀਤੇ ਹਨ ਜਿੱਥੇ ਬੂਟਿਆਂ ਦੇ ਪ੍ਰਫੁੱਲਿਤ ਹੋਣ ਲਈ ਅਨੁਕੂਲ ਹਾਲਾਤ ਹਨ।
- ਬੂਟਿਆਂ ਦੀ ਦੇਖਭਾਲ ’ਤੇ ਜ਼ੋਰ
ਵਣ ਗਾਰਡ ਰਾਜਵੀਰ ਸਿੰਘ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ/ਜੈਅੰਤੀ ਦੇ ਅਵਸਰ ’ਤੇ ਪੂਰੇ ਜ਼ਿਲ੍ਹੇ ’ਚ 6.5 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਅਭਿਆਨ ਦੀ ਸਫਲਤਾ ਸਿਰਫ਼ ਬੂਟੇ ਲਗਾਉਣ ’ਚ ਨਹੀਂ, ਸਗੋਂ ਉਨ੍ਹਾਂ ਦੀ ਨਿਯਮਿਤ ਦੇਖਭਾਲ ’ਚ ਹੈ। ਇਸ ਲਈ ਵਣ ਕਰਮਚਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਬੂਟਿਆਂ ਨੂੰ ਸਮੇਂ ਸਿਰ ਪਾਣੀ ਦੇਣ, ਪਸ਼ੂਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਵਾਧੇ ’ਤੇ ਨਜ਼ਰ ਰੱਖਣ।
- ਸਥਾਨਕ ਲੋਕਾਂ ਨੇ ਕੀਤੀ ਸ਼ਲਾਘਾ
ਸਥਾਨਕ ਲੋਕਾਂ ਨੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਚੌੜੀ ਹੋਣ ਤੋਂ ਬਾਅਦ ਇਲਾਕੇ ’ਚ ਹਰਿਆਵਲ ਘੱਟ ਗਈ ਸੀ। ਹੁਣ ਵੱਡੇ ਪੱਧਰ ’ਤੇ ਹੋ ਰਹੇ ਬੂਟੇ ਲਗਾਉਣ ਨਾਲ ਨਾ ਸਿਰਫ਼ ਵਾਤਾਵਰਣ ਨੂੰ ਲਾਭ ਮਿਲੇਗਾ, ਸਗੋਂ ਮੁਕਤਸਰ-ਮਲੋਟ ਰੋਡ ਦਾ ਦ੍ਰਿਸ਼ ਵੀ ਆਉਣ ਵਾਲੇ ਸਮੇਂ ’ਚ ਪੂਰੀ ਤਰ੍ਹਾਂ ਹਰਿਆ-ਭਰਿਆ ਹੋ ਜਾਵੇਗਾ।