ਰੱਖੜੀ ਤੋਂ ਪਹਿਲਾਂ ਮੁਕਤਸਰ ਡਿਪੂ ਦੀਆਂ 25 ਬੱਸਾਂ ਰੈਲੀ ’ਚ ਭੇਜੀਆਂ, ਯਾਤਰੀ ਖੱਜਲ-ਖ਼ੁਆਰ ਰੱਖੜੀ ਤੋਂ ਪਹਿਲਾਂ ਮੁਕਤਸਰ ਡਿਪੂ ਦੀਆਂ 25 ਬੱਸਾਂ ਰੈਲੀ ’ਚ ਭੇਜੀਆਂ, ਯਾਤਰੀ ਖੱਜਲ-ਖ਼ੁਆਰ
Publish Date: Fri, 28 Aug 2026 04:46 PM (IST)
Updated Date: Fri, 28 Aug 2026 04:49 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੀਆਂ 86 ਬੱਸਾਂ ’ਚੋਂ 25 ਬੱਸਾਂ ਸਰਕਾਰੀ ਰੈਲੀ ਲਈ ਭੇਜੇ ਜਾਣ ਕਾਰਨ ਜਿੱਥੇ ਮਹਿਲਾ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਪਨਬੱਸ ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਅਤੇ ਪ੍ਰਬੰਧਕ ਵੀ ਆਹਮੋ-ਸਾਹਮਣੇ ਆ ਗਏ ਹਨ। ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਤਿਉਹਾਰ ਦੇ ਸਮੇਂ ਵੱਡੀ ਗਿਣਤੀ ’ਚ ਬੱਸਾਂ ਹਟਾਉਣ ਨਾਲ ਯਾਤਰੀਆਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ, ਜਦਕਿ ਡਿਪੂ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਸ ਸੇਵਾਵਾਂ ’ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪਵੇਗਾ। ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਰੱਖੜੀ ਦੇ ਮੱਦੇਨਜ਼ਰ ਕਰਮਚਾਰੀਆਂ ਨੇ ਆਪਣੀ ਤਜਵੀਜ਼ਸ਼ੁਦਾ ਹੜਤਾਲ ਮੁਲਤਵੀ ਕਰ ਦਿੱਤੀ ਸੀ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਸਰਕਾਰ ਨੇ ਡਿਪੂ ਤੋਂ 25 ਬੱਸਾਂ ਰੈਲੀ ਲਈ ਮੰਗਵਾ ਲਈਆਂ। ਯੂਨੀਅਨ ਅਨੁਸਾਰ, ਤਿਉਹਾਰਾਂ ਦੇ ਦਿਨਾਂ ’ਚ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ ਵਧ ਜਾਂਦੀ ਹੈ ਅਤੇ ਅਜਿਹੇ ਸਮੇਂ ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਘੰਟਿਆਂ-ਬੱਧੀ ਇੰਤਜ਼ਾਰ ਕਰਨਾ ਪੈ ਸਕਦਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜਨਤਕ ਆਵਾਜਾਈ (ਪਬਲਿਕ ਟ੍ਰਾਂਸਪੋਰਟ) ਦਾ ਮਨੋਰਥ ਆਮ ਜਨਤਾ ਨੂੰ ਸੁਚੱਜੀ ਯਾਤਰਾ ਦੀ ਸੁਵਿਧਾ ਦੇਣਾ ਹੈ, ਇਸ ਲਈ ਤਿਉਹਾਰਾਂ ਦੌਰਾਨ ਬੱਸਾਂ ਨੂੰ ਹੋਰ ਕੰਮਾਂ ’ਚ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੱਸ ਅੱਡੇ ’ਤੇ ਆ ਕੇ ਪਤਾ ਲੱਗਾ ਕਿ ਬੱਸਾਂ ਸੀਐੱਮ ਦੀ ਰੈਲੀ ’ਚ ਭੇਜੀਆਂ ਹਨ : ਯਾਤਰੀ ਸ੍ਰੀ ਮੁਕਤਸਰ ਸਾਹਿਬ ਬੱਸ ਸਟੈਂਡ ’ਤੇ ਬੱਸ ਦੀ ਉਡੀਕ ਕਰ ਰਹੀ ਸ੍ਰੀ ਮੁਕਤਸਰ ਸਾਹਿਬ ਵਾਸੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਬਠਿੰਡੇ ਜਾਣਾ ਸੀ। ਪਰ ਉਹ ਪਿਛਲੇ ਇੱਕ ਘੰਟੇ ਤੋਂ ਬੱਸ ਸਟੈਂਡ ’ਤੇ ਖੜ੍ਹੀ ਹੈ ਅਤੇ ਕੋਈ ਵੀ ਸਰਕਾਰੀ ਬੱਸ ਨਹੀਂ ਆਈ। ਉਸਨੇ ਕਿਹਾ ਕਿ ਉਹ ਘਰੋਂ ਪੈਸੇ ਵੀ ਓਨੇ ਹੀ ਲੈ ਕੇ ਆਈ ਸੀ, ਇਸ ਲਈ ਹੁਣ ਉਹ ਪ੍ਰਾਈਵੇਟ ਬੱਸ ’ਚ ਵੀ ਨਹੀਂ ਜਾ ਸਕਦੀ ਅਤੇ ਉਸਨੂੰ ਸਰਕਾਰੀ ਬੱਸ ਦਾ ਹੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਿੰਡ ਬਰੀਵਾਲਾ ਤੋਂ ਆਈ ਮਹਿਲਾ ਯਾਤਰੀ ਨੇ ਦੱਸਿਆ ਕਿ ਉਸ ਨੇ ਅੱਜ ਕਿਸੇ ਕੰਮ ਲਈ ਮੰਡੀ ਡੱਬਵਾਲੀ ਜਾਣਾ ਸੀ। ਪਿੰਡ ਤੋਂ ਮੁਕਤਸਰ ਤਾਂ ਉਹ ਆ ਗਈ, ਪਰ ਇੱਥੇ ਉਹ ਪਿਛਲੇ ਡੇਢ ਘੰਟੇ ਤੋਂ ਬੈਠੀ ਹੈ ਅਤੇ ਡੱਬਵਾਲੀ ਵੱਲ ਜਾਣ ਵਾਲੀ ਕੋਈ ਸਰਕਾਰੀ ਬੱਸ ਅਜੇ ਤੱਕ ਨਹੀਂ ਆਈ। ਪ੍ਰਾਈਵੇਟ ਬੱਸਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੈ। ਉਸਨੇ ਦੱਸਿਆ ਕਿ ਬੱਸ ਸਟੈਂਡ ’ਤੇ ਆ ਕੇ ਪਤਾ ਲੱਗਿਆ ਕਿ ਸਰਕਾਰੀ ਬੱਸਾਂ ਮੁੱਖ ਮੰਤਰੀ ਦੀ ਰੈਲੀ ’ਚ ਗਈਆਂ ਹੋਈਆਂ ਹਨ, ਜਿਸ ਕਾਰਨ ਸਰਕਾਰੀ ਬੱਸਾਂ ਦੀ ਘਾਟ ਬਣੀ ਹੋਈ ਹੈ। ਹਾਲਾਂਕਿ, ਰੱਖੜੀ ਵਰਗੇ ਵਪਾਰਕ ਤੇ ਰੁੱਝੇਵੇਂ ਵਾਲੇ ਤਿਉਹਾਰ ਤੋਂ ਪਹਿਲਾਂ ਬੱਸਾਂ ਦੇ ਰੈਲੀ ’ਚ ਭੇਜੇ ਜਾਣ ਨੂੰ ਲੈ ਕੇ ਯੂਨੀਅਨ ਨੇ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਖੜ੍ਹੇ ਕੀਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਤਿਉਹਾਰ ਦੌਰਾਨ ਯਾਤਰੀਆਂ ਨੂੰ ਅਸਲ ’ਚ ਕਿੰਨੀ ਸੁਵਿਧਾ ਮਿਲ ਪਾਉਂਦੀ ਹੈ। 86 ਬੱਸਾਂ ਵਾਲੇ ਡਿਪੂ ਤੋਂ 25 ਬੱਸਾਂ ਰੈਲੀ ’ਚ ਭੇਜੀਆਂ ਦੂਜੇ ਪਾਸੇ, ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਨੇ ਕਿਹਾ ਕਿ 86 ਬੱਸਾਂ ਵਾਲੇ ਡਿਪੂ ਤੋਂ 25 ਬੱਸਾਂ ਰੈਲੀ ’ਚ ਭੇਜੇ ਜਾਣ ਦੇ ਬਾਵਜੂਦ ਨਿਯਮਤ ਬੱਸ ਸੇਵਾਵਾਂ ’ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਰੈਲੀ ਲਈ ਭੇਜੀ ਗਈ ਹਰੇਕ ਬੱਸ ਦੇ ਬਦਲੇ 4,500 ਰੁਪਏ ਦਾ ਭੁਗਤਾਨ ਕਰਦੀ ਹੈ ਅਤੇ ਡੀਜ਼ਲ ਦਾ ਪੂਰਾ ਖ਼ਰਚਾ ਵੀ ਸਰਕਾਰ ਹੀ ਚੁੱਕਦੀ ਹੈ। ਉਨ੍ਹਾਂ ਕਿਹਾ ਕਿ ਉਪਲਬਧ ਬੱਸਾਂ ਦੇ ਹਿਸਾਬ ਨਾਲ ਰੂਟਾਂ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ ਅਤੇ ਯਾਤਰੀਆਂ ਦੀ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ।