ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਦੇ ਮਾਮਲੇ ’ਚ 11 ਕਾਬੂ ਜ਼ਮੀਨੀ ਵਿਵਾਦ ’ਚ ਫਾਇਰਿੰਗ ਕਰਨ ਵਾਲੇ 11 ਵਿਅਕਤੀ ਕਾਬੂ
Publish Date: Tue, 10 Nov 2026 04:11 PM (IST)
Updated Date: Tue, 10 Nov 2026 04:12 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਚਲਦਿਆਂ ਅਸ਼ੋਕ ਮੀਨਾ ਐੱਸਪੀ (ਡੀ) ਤੇ ਬਚਨ ਸਿੰਘ ਡੀਐੱਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਕਰਨ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦੇ ਮਾਮਲੇ ’ਚ 11 ਵਿਅਕਤੀਆਂ ਨੂੰ ਕਾਬੂ ਕਰਕੇ 4 ਪਿਸਤੌਲ ਬਰਾਮਦ ਕੀਤੇ ਗਏ ਹਨ ਤੇ 7/8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਵਾਸੀ ਪਿੰਡ ਸਦਰਵਾਲਾ ਦੀ ਕਰੀਬ 8 ਕਨਾਲ ਜ਼ਮੀਨ ਪਿੰਡ ਕਬਰਵਾਲਾ ਵਿਖੇ ਸਥਿਤ ਹੈ ਜਿਸ ਸਬੰਧੀ ਮਨਜੀਤ ਸਿੰਘ ਵਾਸੀ ਪਿੰਡ ਕਬਰਵਾਲਾ ਨਾਲ ਵਿਵਾਦ ਚੱਲ ਰਿਹਾ ਸੀ। ਪ੍ਰਗਟ ਸਿੰਘ ਅਨੁਸਾਰ ਮਨਜੀਤ ਸਿੰਘ ਵੱਲੋਂ ਇੱਕ ਕਨਾਲ ਜ਼ਮੀਨ ਖਰੀਦੀ ਗਈ ਸੀ ਜਦਕਿ ਬਾਕੀ ਰਹਿੰਦੀ 7 ਕਨਾਲ ਜ਼ਮੀਨ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। 09 ਨਵੰਬਰ 2026 ਨੂੰ ਕਰੀਬ 3 ਵਜੇ ਦੁਪਹਿਰ ਜਦੋਂ ਪ੍ਰਗਟ ਸਿੰਘ ਆਪਣੀ ਜ਼ਮੀਨ ’ਚ ਗਿਆ ਤਾਂ ਮਨਜੀਤ ਸਿੰਘ ਸਮੇਤ ਹੋਰ ਵਿਅਕਤੀ ਕਾਰਾਂ \ਤੇ ਦੋ ਟਰੈਕਟਰਾਂ ਤੇ ਸਵਾਰ ਹੋ ਕੇ ਪਿਸਤੌਲਾਂ ਨਾਲ ਲੈਸ ਹੋ ਕੇ ਉੱਥੇ ਪਹੁੰਚੇ। ਇਸ ਦੌਰਾਨ ਮਨਜੀਤ ਸਿੰਘ ਵੱਲੋਂ ਉਸਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਗਿਆ ਪਰ ਉਸਨੇ ਜ਼ਮੀਨ ਤੇ ਲੇਟ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਨਜੀਤ ਸਿੰਘ, ਸੁਖਵਿੰਦਰ ਸਿੰਘ ਉਰਫ਼ ਸ਼ੈਂਕੀ, ਗੁਰਨਾਮ ਸਿੰਘ ਉਰਫ਼ ਗੁਰੀ, ਗੁਰਪਾਲ ਸਿੰਘ, ਦਲਜੀਤ ਸਿੰਘ ਉਰਫ਼ ਬਾਵਾ, ਸੰਜੀਵ ਕੁਮਾਰ ਉਰਫ਼ ਸੰਜੂ, ਸ਼ਹੀਨ ਭਾਰਦਵਾਜ ਤੇ ਜਸਵਿੰਦਰ ਸਿੰਘ, ਲਵਜੀਤ ਸਿੰਘ ਉਰਫ਼ ਲਵ, ਸੁਨੀਲ ਸ਼ਰਮਾ ਉਰਫ਼ ਸਾਹਿਲ, ਅਕਾਸ਼ਦੀਪ ਸਿੰਘ ਉਰਫ਼ ਆਕਾਸ਼ ਇਸ ਤੋਂ ਇਲਾਵਾ 7/8 ਅਣਪਛਾਤੇ ਵਿਅਕਤੀਆਂ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਮੁਲਜ਼ਮਾਂ ਦੀ ਭੂਮਿਕਾ, ਵਾਰਦਾਤ ’ਚ ਵਰਤੇ ਗਏ ਹਥਿਆਰਾਂ ਤੇ ਹੋਰ ਤੱਥਾਂ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।