10 ਦਿਨਾਂ ਦਾ 'ਕਲੀਨ ਅਭਿਆਨ' ਬੇਅਸਰ, ਕੂੜੇ ਦੇ ਢੇਰਾਂ ਨੇ ਖੋਲ੍ਹੀ ਸਫ਼ਾਈ ਦੇ ਦਾਵਿਆਂ ਦੀ ਪੋਲ 10 ਦਿਨਾਂ ਦਾ 'ਕਲੀਨ ਅਭਿਆਨ' ਬੇਅਸਰ, ਸ਼ਹਿਰ 'ਚ ਕੂੜੇ ਦੇ ਢੇਰਾਂ ਨੇ ਖੋਲ੍ਹੀ ਸਫ਼ਾਈ ਦੇ ਦਾਵਿਆਂ ਦੀ ਪੋਲ
Publish Date: Mon, 14 Sep 2026 04:53 PM (IST)
Updated Date: Mon, 14 Sep 2026 04:56 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਵਲੋਂ ਚਲਾਇਆ ਗਿਆ 10 ਰੋਜ਼ਾ ਵਿਸ਼ੇਸ਼ ਕਲੀਨ ਅਭਿਆਨ ਸ਼ਹਿਰ ਦੀਆਂ ਸੜਕਾਂ ਤੇ ਲੱਗੇ ਕੂੜੇ ਦੇ ਢੇਰਾਂ ਅੱਗੇ ਬੇਅਸਰ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਕਈ ਮੁੱਖ ਮਾਰਗਾਂ ਅਤੇ ਖਾਲੀ ਥਾਵਾਂ ’ਤੇ ਜਮ੍ਹਾਂ ਕੂੜਾ ਸਫ਼ਾਈ ਅਭਿਆਨ ਦੇ ਦਾਵਿਆਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਭਿਆਨ ਦਾ ਅਸਰ ਜ਼ਮੀਨੀ ਪੱਧਰ ’ਤੇ ਘੱਟ ਅਤੇ ਫੋਟੋ ਸੈਸ਼ਨਾਂ ’ਚ ਜ਼ਿਆਦਾ ਦਿਖਾਈ ਦਿੱਤਾ, ਜਦੋਂਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਸ਼ਹਿਰ ਦੇ ਮੌੜ ਰੋਡ, ਗੋਨਿਆਨਾ ਰੋਡ ਅਤੇ ਮਲੋਟ ਰੋਡ ’ਤੇ ਧਾਲੀਵਾਲ ਹਸਪਤਾਲ ਦੇ ਸਾਹਮਣੇ ਸਮੇਤ ਕਈ ਥਾਵਾਂ ’ਤੇ ਕੂੜੇ ਦੇ ਢੇਰ ਖੁੱਲ੍ਹੇਆਮ ਪਏ ਹਨ। ਇਨ੍ਹਾਂ ਥਾਵਾਂ ਤੋਂ ਆਉਂਦੀ ਬਦਬੂ ਕਾਰਨ ਲੰਘਣ ਵਾਲੇ ਰਾਹਗੀਰਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ’ਤੇ ਮੰਡਰਾਉਂਦੀਆਂ ਮੱਖੀਆਂ ਅਤੇ ਉੱਥੇ ਘੁੰਮਦੇ ਆਵਾਰਾ ਪਸ਼ੂ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕੂੜਾ ਨਾ ਚੁੱਕਿਆ ਗਿਆ ਤਾਂ ਛੂਤ ਦੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਵਧ ਸਕਦਾ ਹੈ। ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀਆਂ ਦਾ ਦੋਸ਼ ਹੈ ਕਿ ਵਿਸ਼ੇਸ਼ ਸਫ਼ਾਈ ਅਭਿਆਨ ਦਾ ਮਕਸਦ ਨਿਯਮਤ ਸਫ਼ਾਈ ਯਕੀਨੀ ਬਣਾਉਣ ਦੀ ਬਜਾਏ ਸਿਰਫ਼ ਗਤੀਵਿਧੀਆਂ ਨੂੰ ਦਰਜ ਕਰਨ ਅਤੇ ਤਸਵੀਰਾਂ ਖਿੱਚਵਾਉਣ ਤੱਕ ਹੀ ਸੀਮਤ ਰਹਿ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਭਿਆਨ ਵਾਸਤਵ ’ਚ ਪ੍ਰਭਾਵਸ਼ਾਲੀ ਹੁੰਦਾ ਤਾਂ ਦਸ ਦਿਨ ਪੂਰੇ ਹੋਣ ਤੋਂ ਬਾਅਦ ਵੀ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਦਿਖਾਈ ਨਾ ਦਿੰਦੇ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਸਿਰਫ਼ ਅਭਿਆਨ ਚਲਾਉਣ ਦੀ ਬਜਾਏ ਕੂੜਾ ਇਕੱਠਾ ਕਰਨ ਅਤੇ ਨਿਯਮਤ ਚੁੱਕਣ ਦੀ ਸਥਾਈ ਵਿਵਸਥਾ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਫ਼ਾਈ ਵਿਵਸਥਾ ਉਦੋਂ ਹੀ ਸਫ਼ਲ ਮੰਨੀ ਜਾਵੇਗੀ, ਜਦੋਂ ਹਰ ਵਾਰਡ ਤੋਂ ਰੋਜ਼ਾਨਾ ਕੂੜਾ ਚੁੱਕਿਆ ਜਾਵੇ ਅਤੇ ਗ਼ੈਰ-ਕਾਨੂੰਨੀ ਡੰਪਿੰਗ ਥਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਮੌੜ ਰੋਡ, ਗੋਨਿਆਨਾ ਰੋਡ ਅਤੇ ਮਲੋਟ ਰੋਡ ਵਰਗੇ ਵਪਾਰਕ ਤੇ ਚਹਿਲ-ਪਹਿਲ ਵਾਲੇ ਮਾਰਗਾਂ ’ਤੇ ਗੰਦਗੀ ਕਾਰਨ ਸ਼ਹਿਰ ਦਾ ਅਕਸ ਵੀ ਪ੍ਰਭਾਵਿਤ ਹੋ ਰਿਹਾ ਹੈ। ਇਹਨਾਂ ਰਸਤਿਆਂ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਲੰਘਦੇ ਹਨ, ਪਰ ਖੁੱਲ੍ਹੇ ਚ ਪਏ ਕੂੜੇ ਦੇ ਢੇਰ ਸਵੱਛ ਸ਼ਹਿਰ ਦੀ ਤਸਵੀਰ ਨੂੰ ਧੁੰਦਲਾ ਕਰ ਰਹੇ ਹਨ। ਕਈ ਥਾਵਾਂ ਤੇ ਪਸ਼ੂ ਕੂੜੇ ਚੋਂ ਖਾਣਾ ਭਾਲਦੇ ਦਿਖਾਈ ਦਿੰਦੇ ਹਨ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਨਾਗਰਿਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਅਭਿਆਨ ਤੱਕ ਸੀਮਤ ਰਹਿਣ ਦੀ ਬਜਾਏ ਨਿਯਮਤ ਸਫ਼ਾਈ, ਸਮੇਂ ਸਿਰ ਕੂੜਾ ਚੁੱਕਣਾ ਅਤੇ ਗ਼ੈਰ-ਕਾਨੂੰਨੀ ਡੰਪਿੰਗ ਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸ਼ਹਿਰ ਦੇ ਮੁੱਖ ਮਾਰਗਾਂ ਤੇ ਬਣੇ ਕੂੜੇ ਦੇ ਢੇਰ ਤੱਕ ਨਹੀਂ ਹਟਾਏ ਜਾ ਸਕੇ, ਤਾਂ ਪੂਰੇ ਸ਼ਹਿਰ ਨੂੰ ਸਵੱਛ ਬਣਾਉਣ ਦਾ ਦਾਅਵਾ ਅਧੂਰਾ ਹੀ ਰਹੇਗਾ। ਲੋਕਾਂ ਦਾ ਮੰਨਣਾ ਹੈ ਕਿ ਸਫ਼ਾਈ ਅਭਿਆਨ ਦੀ ਅਸਲ ਸਫ਼ਲਤਾ ਉਦੋਂ ਹੀ ਹੋਵੇਗੀ, ਜਦੋਂ ਉਸ ਦੇ ਨਤੀਜੇ ਸ਼ਹਿਰ ਦੀਆਂ ਸੜਕਾਂ ਤੇ ਦਿਖਾਈ ਦੇਣ, ਨਾ ਕਿ ਸਿਰਫ਼ ਸਰਕਾਰੀ ਤਸਵੀਰਾਂ ਅਤੇ ਦਾਵਿਆਂ ਵਿੱਚ।