ਐੱਸਐੱਫ਼ਸੀ ਕਾਨਵੈਂਟ ਸਕੂਲ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਮੋਗਾ ਇਲਾਕੇ ਦੀ
Publish Date: Thu, 24 Sep 2026 03:27 PM (IST)
Updated Date: Thu, 24 Sep 2026 03:30 PM (IST)
ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਇਲਾਕੇ ਦੀ ਪ੍ਰਸਿੱਧ ਸੰਸਥਾ ਐੱਸਐੱਫ਼ਸੀ ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਮੋਗਾ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਆਈਸੀਐੱਸਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਸਮਾਗਮ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਕੀਤੀ ਗਈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ, ਇਸ ਦੇ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਵਿਚ ਇਸ ਦੇ ਯੋਗਦਾਨ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ ਅਤੇ ਪੰਜਾਬੀ ਭਾਸ਼ਾ ਨੂੰ ਪੜ੍ਹਨ, ਲਿਖਣ ਤੇ ਬੋਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਬੱਚਿਆਂ ਨੇ ਪੰਜਾਬੀ ਭਾਸ਼ਾ ਨਾਲ ਸਬੰਧਤ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਸੁੰਦਰ ਲਿਖਾਈ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਵੱਲੋਂ ਪੰਜਾਬੀ ਦਿਵਸ ਨਾਲ ਸਬੰਧਤ ਚਾਰਟ ਅਤੇ ਸਲੋਗਨ ਵੀ ਤਿਆਰ ਕੀਤੇ ਗਏ, ਜਿਨ੍ਹਾਂ ਰਾਹੀਂ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਇਸ ਨਾਲ ਜੁੜੇ ਸੱਭਿਆਚਾਰਕ ਸੰਦੇਸ਼ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਕੋਸ਼ਿਕ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੰਜਾਬੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦਿਨ ਮਹਾਨ ਸੂਫੀ ਸੰਤ ਅਤੇ ਪੰਜਾਬੀ ਕਵੀ ਬਾਬਾ ਫਰੀਦ ਜੀ ਦੀ ਯਾਦ ਅਤੇ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਪੰਜਾਬ ਦੇ ਅਮੀਰ ਇਤਿਹਾਸ, ਸੱਭਿਆਚਾਰ, ਸਾਹਿਤ ਅਤੇ ਵਿਰਸੇ ਦੀ ਪਹਿਚਾਣ ਵੀ ਹੈ। ਪੰਜਾਬੀ ਭਾਸ਼ਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ’ਚ ਵੱਸਦੇ ਪੰਜਾਬੀਆਂ ਨੂੰ ਆਪਸ ਵਿੱਚ ਜੋੜਨ ਵਾਲੀ ਮਜ਼ਬੂਤ ਕੜੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਰੱਖਣ ਅਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸੀਐੱਮਡੀਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ਵ ਪੰਜਾਬੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਪਣੀ ਮਾਂ-ਬੋਲੀ ਨਾਲ ਜੁੜਨਾ ਅਤੇ ਇਸ ਦੀ ਸੰਭਾਲ ਕਰਨਾ ਹਰੇਕ ਦੀ ਸਾਂਝੀ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ’ਚ ਪੰਜਾਬੀ ਭਾਸ਼ਾ ਪ੍ਰਤੀ ਉਤਸ਼ਾਹ ਅਤੇ ਪਿਆਰ ਦੇਖਣ ਨੂੰ ਮਿਲਿਆ।