- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਘੱਲ ਕਲਾਂ ਦੀ ਪੱਤੀ ਮਹਿਰ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਪਿੰਡ ਘੱਲ ਕਲਾਂ ਦੀ ਪੱਤੀ ਮਹਿਰ ਦੀ ਪੰਚਾਇਤ ਵੱਲੋਂ ਪਿੰਡ ਦੇ ਛੱਪੜ ਨੂੰ ਥਾਪਰ ਮਾਡਲ ਅਨੁਸਾਰ ਵਿਕਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਚਾਇਤ ਦੀ ਸਰਪੰਚ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਨੂੰ ਪਿੰਡ ਦੀ ਸਫ਼ਾਈ, ਵਾਤਾਵਰਣ ਸੰਭਾਲ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਪੰਚਾਇਤ ਵੱਲੋਂ ਛੱਪੜ ਨੂੰ ਆਧੁਨਿਕ ਢੰਗ ਨਾਲ ਵਿਕਸਤ ਕਰਨ ਲਈ ਕੰਮ ਸ਼ੁਰੂ ਕਰਵਾਉਂਦਿਆਂ ਇਸ ਗੱਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿ ਪਿੰਡ ਦੇ ਗੰਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਅਤੇ ਟਰੀਟਮੈਂਟ ਹੋਵੇ ਅਤੇ ਛੱਪੜ ਦੀ ਸਫ਼ਾਈ ਵਿਵਸਥਾ ਵਿਚ ਸੁਧਾਰ ਲਿਆਂਦਾ ਜਾ ਸਕੇ। ਥਾਪਰ ਮਾਡਲ ਤਹਿਤ ਗੰਦੇ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਟਰੀਟ ਕਰਕੇ ਛੱਪੜ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਸਰਪੰਚ ਹਰਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਦੀ ਸਫ਼ਾਈ ਅਤੇ ਲੋਕਾਂ ਨੂੰ ਬਿਹਤਰ ਵਾਤਾਵਰਣ ਮੁਹੱਈਆ ਕਰਵਾਉਣਾ ਪੰਚਾਇਤ ਦੀ ਮੁੱਖ ਤਰਜੀਹ ਹੈ। ਛੱਪੜ ਨੂੰ ਥਾਪਰ ਮਾਡਲ ਅਨੁਸਾਰ ਵਿਕਸਤ ਕਰਨ ਨਾਲ ਨਾ ਸਿਰਫ਼ ਗੰਦੇ ਪਾਣੀ ਦੀ ਸਮੱਸਿਆ ਨੂੰ ਸੁਚੱਜੇ ਢੰਗ ਨਾਲ ਹੱਲ ਕਰਨ ਵਿਚ ਮਦਦ ਮਿਲੇਗੀ, ਸਗੋਂ ਪਿੰਡ ਦੇ ਵਾਤਾਵਰਣ ਨੂੰ ਵੀ ਸਾਫ਼-ਸੁਥਰਾ ਰੱਖਿਆ ਜਾ ਸਕੇਗਾ। ਪਿੰਡ ਵਾਸੀਆਂ ਨੇ ਪੰਚਾਇਤ ਵੱਲੋਂ ਸ਼ੁਰੂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਛੱਪੜਾਂ ਦੀ ਸਹੀ ਸੰਭਾਲ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਛੱਪੜਾਂ ਦੀ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਹੋਵੇ ਤਾਂ ਇਸ ਨਾਲ ਬਦਬੂ, ਮੱਛਰਾਂ ਅਤੇ ਗੰਦਗੀ ਵਰਗੀਆਂ ਸਮੱਸਿਆਵਾਂ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪੰਚਾਇਤ ਵੱਲੋਂ ਸ਼ੁਰੂ ਕੀਤੇ ਇਸ ਪ੍ਰਾਜੈਕਟ ਨਾਲ ਆਉਣ ਵਾਲੇ ਸਮੇਂ ਵਿੱਚ ਪਿੰਡ ਘੱਲ ਕਲਾਂ ਦੇ ਛੱਪੜ ਨੂੰ ਇਕ ਸੁਚੱਜੇ ਅਤੇ ਵਾਤਾਵਰਣ ਪੱਖੀ ਮਾਡਲ ਵਜੋਂ ਵਿਕਸਤ ਕਰਨ ਦੀ ਉਮੀਦ ਹੈ। ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਛੱਪੜ ਵਿੱਚ ਕੂੜਾ-ਕਰਕਟ ਜਾਂ ਗੰਦਗੀ ਨਾ ਸੁੱਟਣ ਅਤੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਵਿੱਚ ਪੰਚਾਇਤ ਦਾ ਸਹਿਯੋਗ ਕਰਨ।