ਹਰਮਨਪ੍ਰੀਤ ਕੌਰ ਦੀ ਪ੍ਰੇਰਣਾ ਨਾਲ ਮੋਗਾ ’ਚ ਮਹਿਲਾ ਕ੍ਰਿਕਟ ਨੇ ਫੜੀ ਰਫ਼ਤਾਰ ਮੋਗਾ ਦੀ ਧਰਤੀ ਤੋਂ ਭਾਰਤੀ ਮਹਿਲਾ
Publish Date: Tue, 22 Sep 2026 05:36 PM (IST)
Updated Date: Wed, 23 Sep 2026 04:03 AM (IST)
40 ਤੋਂ ਵੱਧ ਲੜਕੀਆਂ ਹਰਮਨਪ੍ਰੀਤ ਕੌਰ ਬਣਨ ਦੇ ਸੁਪਨੇ ਨਾਲ ਰੋਜ਼ ਵਹਾ ਰਹੀਆਂ ਪਸੀਨਾ ਮੋਗਾ ਦੀ ਮਹਿਲਾ ਕ੍ਰਿਕਟ ਟੀਮ ਨੇ ਰਾਜ ਪੱਧਰੀ ਅੰਡਰ-19 ਮੁਕਾਬਲੇ ਦੇ ਫਾਈਨਲ ਤੱਕ ਬਣਾਈ ਥਾਂ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਦੀ ਧਰਤੀ ਤੋਂ ਭਾਰਤੀ ਮਹਿਲਾ ਕ੍ਰਿਕਟ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਦੀ ਸਫ਼ਲਤਾ ਨੇ ਸ਼ਹਿਰ ਦੀਆਂ ਨੌਜਵਾਨ ਲੜਕੀਆਂ ’ਚ ਕ੍ਰਿਕਟ ਪ੍ਰਤੀ ਨਵਾਂ ਜੋਸ਼ ਪੈਦਾ ਕੀਤਾ ਹੈ। ਕਦੇ ਮੋਗਾ ’ਚ ਕ੍ਰਿਕਟ ਦਾ ਮੈਦਾਨ ਮੁੱਖ ਤੌਰ ’ਤੇ ਮੁੰਡਿਆਂ ਨਾਲ ਹੀ ਭਰਿਆ ਰਹਿੰਦਾ ਸੀ ਪਰ ਅੱਜ 40 ਤੋਂ ਵੱਧ ਲੜਕੀਆਂ ਕ੍ਰਿਕਟਰ ਬਣਨ ਦਾ ਸੁਪਨਾ ਲੈ ਕੇ ਰੋਜ਼ਾਨਾ ਮੈਦਾਨ ’ਚ ਪਸੀਨਾ ਵਹਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਵੀ ਮਹਿਲਾ ਖਿਡਾਰਨਾਂ ਨੂੰ ਅੱਗੇ ਲਿਆਉਣ ਲਈ ਲੋੜੀਂਦੀਆਂ ਸਹੂਲਤਾਂ ਤੇ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਯਤਨਾਂ ਦਾ ਨਤੀਜਾ ਵੀ ਸਾਹਮਣੇ ਆਇਆ ਹੈ ਕਿ19 ਸਾਲ ਤੋਂ ਘੱਟ ਉਮਰ ਦੀਆਂ ਮਹਿਲਾ ਖਿਡਾਰਨਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਲੇ ’ਚ ਮੋਗਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਤੱਕ ਪਹੁੰਚ ਬਣਾਈ ਹੈ। ਇਸ ਪ੍ਰਾਪਤੀ ਨੇ ਮੋਗਾ ’ਚ ਮਹਿਲਾ ਕ੍ਰਿਕਟ ਦੇ ਵਧ ਰਹੇ ਆਧਾਰ ਨੂੰ ਹੋਰ ਮਜ਼ਬੂਤ ਕੀਤਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਕਮਲ ਅਰੋੜਾ ਨੇ ਦੱਸਿਆ ਕਿ ਮੋਗਾ ’ਚ ਪਹਿਲਾਂ ਜ਼ਿਆਦਾਤਰ ਮੁੰਡੇ ਹੀ ਕ੍ਰਿਕਟ ਖੇਡਿਆ ਕਰਦੇ ਸਨ। ਸਾਲ 2007-08 ਦੇ ਆਸ-ਪਾਸ ਹਰਮਨਪ੍ਰੀਤ ਕੌਰ ਪਹਿਲੀ ਵਾਰ ਮਹਿਲਾ ਕ੍ਰਿਕਟ ’ਚ ਉੱਭਰੀ ਤੇ ਉਸ ਦੇ ਨਾਲ ਕੁਝ ਹੋਰ ਲੜਕੀਆਂ ਨੇ ਵੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਇੱਥੋਂ ਹੀ ਮੋਗਾ ’ਚ ਮਹਿਲਾ ਕ੍ਰਿਕਟ ਦੀ ਸ਼ੁਰੂਆਤ ਹੋਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ’ਚ ਮਹਿਲਾ ਕ੍ਰਿਕਟ ਹੌਲੀ਼ ਹੌਲ਼ੀ ਰਫ਼ਤਾਰ ਨਾਲ ਅੱਗੇ ਵਧੀ ਪਰ ਜਿਵੇਂ-ਜਿਵੇਂ ਹਰਮਨਪ੍ਰੀਤ ਕੌਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਵਾਇਆ, ਮੋਗਾ ਦੀਆਂ ਲੜਕੀਆਂ ’ਚ ਵੀ ਕ੍ਰਿਕਟ ਪ੍ਰਤੀ ਰੁਚੀ ਅਤੇ ਉਤਸ਼ਾਹ ਵਧਦਾ ਗਿਆ। ਅੱਜ ਹਾਲਾਤ ਇਹ ਹਨ ਕਿ 40 ਤੋਂ ਵੱਧ ਲੜਕੀਆਂ ਪੂਰਨ ਤੌਰ ’ਤੇ ਮੈਦਾਨ ’ਚ ਅਭਿਆਸ ਕਰ ਰਹੀਆਂ ਹਨ। ਮੋਗਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਨ੍ਹਾਂ ਲੜਕੀਆਂ ਲਈ ਵਿਸ਼ੇਸ਼ ਮਹਿਲਾ ਕੋਚ ਦੀ ਨਿਯੁਕਤੀ ਕੀਤੀ ਗਈ ਹੈ। ਕੋਚ ਵੱਲੋਂ ਖਿਡਾਰਨਾਂ ਨੂੰ ਕ੍ਰਿਕਟ ਦੀਆਂ ਵੱਖ-ਵੱਖ ਵਿਧਾਵਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਕੋਲ ਛੇ ਹੋਰ ਕੋਚ ਵੀ ਹਨ, ਜੋ ਖਿਡਾਰਨਾਂ ਦੀ ਖੇਡ ਨੂੰ ਨਿਖਾਰਨ ’ਚ ਸਹਿਯੋਗ ਕਰ ਰਹੇ ਹਨ। ਖਿਡਾਰਨਾਂ ਦੀ ਸਰੀਰਕ ਤੰਦਰੁਸਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖੇਡ ਦੌਰਾਨ ਦਬਾਅ ਅਤੇ ਤਣਾਅ ਵਾਲੇ ਪਲਾਂ ’ਚ ਮਾਨਸਿਕ ਤੌਰ ’ਤੇ ਮਜ਼ਬੂਤ ਰਹਿਣ ਲਈ ਵੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਬਾਕਸ-- ਆਪਣੀ ਧੀ ਹਰਮਨਪ੍ਰੀਤ ਨੂੰ ਮਿਲਣ ਲਈ ਸ਼ਹਿਰ ਵਾਸੀ ਉਤਾਵਲੇ ਮੋਗਾ ਵਾਸੀ ਆਪਣੀ ਧੀ ਹਰਮਨਪ੍ਰੀਤ ਕੌਰ ਨਾਲ ਮੁੜ ਮਿਲਣ ਦੀ ਉਡੀਕ ਕਰ ਰਹੇ ਹਨ। ਪਿਛਲੇ ਸਾਲ ਨਵੰਬਰ ਵਿਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਮੋਗਾ ਵਾਸੀਆਂ ਨਾਲ ਮੁਲਾਕਾਤ ਨਹੀਂ ਕੀਤੀ। ਵਿਸ਼ਵ ਪੱਧਰ ’ਤੇ ਉਸ ਦੀਆਂ ਪ੍ਰਾਪਤੀਆਂ ਤੋਂ ਬਾਅਦ ਸ਼ਹਿਰ ਵਾਸੀਆਂ ’ਚ ਆਪਣੀ ਇਸ ਧੀ ਨੂੰ ਮਿਲਣ ਦੀ ਉਤਸੁਕਤਾ ਹੋਰ ਵਧੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਕੌਰ ਨੇ ਮੋਗਾ ਦਾ ਨਾਮ ਦੇਸ਼-ਵਿਦੇਸ਼ ’ਚ ਰੌਸ਼ਨ ਕੀਤਾ ਹੈ ਤੇ ਉਸ ਦੀਆਂ ਪ੍ਰਾਪਤੀਆਂ ’ਤੇ ਸਮੁੱਚਾ ਸ਼ਹਿਰ ਮਾਣ ਮਹਿਸੂਸ ਕਰਦਾ ਹੈ। ਦੱਸਣਯੋਗ ਹੈ ਕਿ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਮੋਗਾ ਦੇ ਗੁਰੂ ਨਾਨਕ ਦੇਵ ਕਾਲਜ ਤੋਂ ਕੀਤੀ ਸੀ। ਉਸ ਦੇ ਪਿਤਾ ਅਦਾਲਤ ’ਚ ਇਕ ਵਕੀਲ ਨਾਲ ਸਹਾਇਕ ਵਜੋਂ ਕੰਮ ਕਰਦੇ ਸਨ ਅਤੇ ਖੁਦ ਵੀ ਖੇਡਾਂ ’ਚ ਦਿਲਚਸਪੀ ਰੱਖਦੇ ਸਨ। ਸ਼ੁਰੂਆਤੀ ਦਿਨਾਂ ’ਚ ਹਰਮਨਪ੍ਰੀਤ ਆਪਣੇ ਪਿਤਾ ਦੇ ਨਾਲ ਹੀ ਖੇਡਣ ਲਈ ਜਾਂਦੀ ਸੀ। ਮੌਜੂਦਾ ਸਮੇਂ ’ਚ ਉਨ੍ਹਾਂ ਦਾ ਮਕਾਨ ਦੁੱਨੇਕੇ ਵਿਚ ਹੈ, ਹਾਲਾਂਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਮੋਗਾ ’ਚ ਨਹੀਂ ਰਹਿ ਰਿਹਾ। ਬਾਕਸ ‘ਹਰਮਨ ਬੇਹੱਦ ਪ੍ਰਤਿਭਾਸ਼ਾਲੀ ਖਿਡਾਰਨ’ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਕਮਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਹਰਮਨਪ੍ਰੀਤ ਕੌਰ ਨੂੰ ਬਚਪਨ ਤੋਂ ਖੇਡਦਿਆਂ ਦੇਖਿਆ ਹੈ। ਉਹ ਬੇਹੱਦ ਪ੍ਰਤਿਭਾਸ਼ਾਲੀ ਖਿਡਾਰਨ ਹੈ। ਕੁਝ ਨਵਾਂ ਕਰਨ ਦੀ ਇੱਛਾ, ਦ੍ਰਿੜ੍ਹ ਇਰਾਦਾ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਸਦਕਾ ਹੀ ਉਹ ਅੱਜ ਇਸ ਮੁਕਾਮ ’ਤੇ ਪਹੁੰਚੀ ਹੈ। ਉਹ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਪੂਰੇ ਮੋਗਾ ਨੂੰ ਆਪਣੀ ਇਸ ਧੀ ’ਤੇ ਮਾਣ ਹੈ। ਬਾਕਸ ਭਾਰਤੀ ਮਹਿਲਾ ਟੀਮ ਕਮਾਲ ਦੀ ਹੈ’ : ਮਲਵਿਕਾ ਸੂਦ ਇਸ ਮੌਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਲਵਿਕਾ ਸੂਦ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਟੀਮ ਵਿੱਚ ਜਿੱਤਣ ਦਾ ਜਜ਼ਬਾ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਮੋਗਾ ਦੀ ਧੀ ਹੈ ਤੇ ਉਸ ਦੀਆਂ ਪ੍ਰਾਪਤੀਆਂ ਮੋਗਾ ਦੀਆਂ ਸਾਰੀਆਂ ਮਹਿਲਾਵਾਂ ਲਈ ਮਾਣ ਵਾਲੀ ਗੱਲ ਹਨ। ਮੋਗਾ ਵਰਗੇ ਛੋਟੇ ਸ਼ਹਿਰ ਤੋਂ ਨਿਕਲ ਕੇ ਕ੍ਰਿਕਟ ਦੇ ਵੱਡੇ ਮੰਚ ’ਤੇ ਆਪਣੀ ਪਛਾਣ ਬਣਾਉਣਾ ਉਸ ਦੀ ਪ੍ਰਤਿਭਾ ਤੇ ਮਿਹਨਤ ਨੂੰ ਦਰਸਾਉਂਦਾ ਹੈ। ਕੋਟਸ..... ‘ਲੜਕੀਆਂ ਵਿਚ ਕਾਫ਼ੀ ਪ੍ਰੇਰਣਾ ਹੈ। ਮੋਗਾ ’ਚ ਜਿੰਨੀਆਂ ਵੀ ਲੜਕੀਆਂ ਕ੍ਰਿਕਟ ਖੇਡ ਰਹੀਆਂ ਹਨ, ਉਨ੍ਹਾਂ ਦੀ ਪ੍ਰੇਰਣਾ ਅਤੇ ਆਦਰਸ਼ ਹਰਮਨਪ੍ਰੀਤ ਕੌਰ ਹੀ ਹੈ। ਉਹ ਵੀ ਹਰਮਨਪ੍ਰੀਤ ਕੌਰ ਦੀ ਤਰ੍ਹਾਂ ਬਣਨਾ ਚਾਹੁੰਦੀਆਂ ਹਨ ਤੇ ਇਸੇ ਮਕਸਦ ਨਾਲ ਸਖ਼ਤ ਮਿਹਨਤ ਕਰ ਰਹੀਆਂ ਹਨ। ਅੱਜਕੱਲ੍ਹ ਦੀਆਂ ਲੜਕੀਆਂ ਕਾਫ਼ੀ ਮਜ਼ਬੂਤ ਹਨ। ਉਹ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੇ ਨਾਲ-ਨਾਲ ਹਰਫ਼ਨਮੌਲਾ ਖਿਡਾਰੀ ਦੀ ਭੂਮਿਕਾ ਲਈ ਵੀ ਬਾਖੂਬੀ ਅਭਿਆਸ ਕਰ ਰਹੀਆਂ ਹਨ।’ ਵੀਨਾ ਸੈਣੀ, ਮਹਿਲਾ ਕੋਚ, ਮੋਗਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ।