
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸਮੁੱਚੇ ਪੰਜਾਬ ਦੇ ਭਵਿੱਖ ਨਾਲ ਜੁੜੀ ਪੰਜਾਬ ਰਾਜ ਖੇਤੀ ਨੀਤੀ 2023 ਨੂੰ ਅਜੇ ਤੱਕ ਲਾਗੂ ਨਾ ਕੀਤੇ ਜਾਣ ’ਤੇ ਦਰਬਾਰ-ਏ-ਖਾਲਸਾ ਜਥੇਬੰਦੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਮਧੇਕੇ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਤੋਂ ਬਾਅਦ ਖੇਤੀ ਨੀਤੀ ਤਿਆਰ ਕਰਨ ਲਈ 11 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦੇ ਕਨਵੀਨਰ ਡਾ. ਸੁਖਪਾਲ ਸਿੰਘ ਸਨ। ਮਧੇਕੇ ਨੇ ਕਿਹਾ ਕਿ ਕਮੇਟੀ ਨੇ ਸਿਰਫ਼ ਦਫ਼ਤਰਾਂ ਵਿਚ ਬੈਠ ਕੇ ਨੀਤੀ ਤਿਆਰ ਨਹੀਂ ਕੀਤੀ, ਸਗੋਂ ਪੰਜਾਬ ਦੇ ਹਰ ਕੋਨੇ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਖੇਤੀ ਦੇ ਚੰਗੇ ਸਫਲ ਮਾਡਲ ਚੱਲ ਰਹੇ ਸਨ ਅਤੇ ਜਿੱਥੇ ਸਹਿਕਾਰੀ ਸੁਸਾਇਟੀਆਂ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਸਨ, ਕਮੇਟੀ ਉੱਥੇ ਵੀ ਗਈ ਅਤੇ ਉਨ੍ਹਾਂ ਤਜਰਬਿਆਂ ਨੂੰ ਸਮਝਿਆ। ਕਮੇਟੀ ਨੇ ਪੰਜਾਬ ਭਰ ਤੋਂ ਸੁਝਾਅ ਲਏ, ਦੇਸ਼ ਦੇ ਹੋਰ ਰਾਜਾਂ ਵਿਚ ਜਾ ਕੇ ਉੱਥੋਂ ਦੀ ਖੇਤੀ ਪ੍ਰਣਾਲੀ ਨੂੰ ਸਮਝਿਆ ਅਤੇ ਵਿਦੇਸ਼ਾਂ ਵਿਚ ਰਹਿੰਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਕਮੇਟੀ ਨੂੰ ਕੁੱਲ 1,02,800 ਸੁਝਾਅ ਪ੍ਰਾਪਤ ਹੋਏ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਸਰਕਾਰ ਨੂੰ ਸੌਂਪਿਆਂ ਲਗਭਗ ਤਿੰਨ ਸਾਲ ਹੋਣ ਵਾਲੇ ਹਨ ਪਰ ਪੰਜਾਬ ਰਾਜ ਖੇਤੀ ਨੀਤੀ 2023 ਅਜੇ ਤੱਕ ਲਾਗੂ ਨਹੀਂ ਕੀਤੀ ਗਈ। ਸਵਾਲ ਇਹ ਹੈ ਕਿ ਇਸ ਨੀਤੀ ਨੂੰ ਲਾਗੂ ਕਰਨ ਵਿਚ ਅੜਿੱਕਾ ਕੌਣ ਪਾ ਰਿਹਾ ਹੈ? ਮਧੇਕੇ ਨੇ ਕਿਹਾ ਕਿ ਇਹ ਨੀਤੀ ਸਿਰਫ਼ ਕਿਸਾਨਾਂ ਲਈ ਨਹੀਂ, ਸਗੋਂ ਪੰਜਾਬ ਦੇ ਖੇਤ ਮਜ਼ਦੂਰਾਂ, ਪੇਂਡੂ ਦਸਤਕਾਰਾਂ, ਔਰਤਾਂ ਅਤੇ ਸਮੁੱਚੇ ਪੰਜਾਬ ਲਈ ਮਹੱਤਵਪੂਰਨ ਹੈ। ਇਸ ਵਿਚ ਕਿਸਾਨੀ ਆਮਦਨ ਵਧਾਉਣ, ਫ਼ਸਲੀ ਵਿਭਿੰਨਤਾ ਲਿਆਉਣ, ਪਾਣੀ ਅਤੇ ਮਿੱਟੀ ਨੂੰ ਬਚਾਉਣ, ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਸਟੋਰੇਜ ਅਤੇ ਮੰਡੀਕਰਨ ਨੂੰ ਮਜ਼ਬੂਤ ਕਰਨ ਵਰਗੀਆਂ ਕਈ ਅਹਿਮ ਗੱਲਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੀਤੀ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਨਹਿਰੀ ਸਿੰਚਾਈ ਨੂੰ ਮਜ਼ਬੂਤ ਕਰਨ ਅਤੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ ਕਿ 13 ਅਕਤੂਬਰ 2023 ਨੂੰ ਸੌਂਪੀ ਗਈ ਇਸ ਨੀਤੀ ਨੂੰ ਅਜੇ ਤੱਕ ਲਾਗੂ ਕਰਨ ਵਿਚ ਕੀ ਰੁਕਾਵਟ ਹੈ ਅਤੇ ਇਸ ਦੇ ਰਾਹ ਵਿਚ ਅੜਿੱਕਾ ਕੌਣ ਬਣਿਆ ਹੋਇਆ ਹੈ। ਮਧੇਕੇ ਨੇ ਕਿਹਾ ਕਿ ਜੇਕਰ ਇਸ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਮੱਦਦ ਮਿਲ ਸਕਦੀ ਹੈ। ਇਸ ਲਈ ਸਰਕਾਰ ਨੂੰ ਇਸ ਨੀਤੀ ਨੂੰ ਲਟਕਾਉਣ ਦੀ ਬਜਾਏ ਇਸ ’ਤੇ ਅਮਲ ਕਰਨਾ ਚਾਹੀਦਾ ਹੈ। ਮਧੇਕੇ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ ਮੁੱਦੇ ’ਤੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਕੁਲਦੀਪ ਸਿੰਘ ਮਧੇਕੇ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਰਾਜ ਖੇਤੀ ਨੀਤੀ 2023 ਨੂੰ ਜ਼ਰੂਰ ਪੜ੍ਹਨ ਅਤੇ ਸਮਝਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਨੀਤੀ ਵਿੱਚ ਉਨ੍ਹਾਂ ਦੇ ਹੱਕ ਅਤੇ ਪੰਜਾਬ ਦੀ ਖੇਤੀ ਦੇ ਭਵਿੱਖ ਲਈ ਕੀ ਗੱਲਾਂ ਕੀਤੀਆਂ ਗਈਆਂ ਹਨ। ਮਧੇਕੇ ਨੇ ਕਿਹਾ ਕਿ ਇਹ ਕਿਸੇ ਇਕ ਪਾਰਟੀ ਜਾਂ ਕਿਸੇ ਇਕ ਵਿਅਕਤੀ ਦਾ ਮੁੱਦਾ ਨਹੀਂ ਹੈ। ਇਹ ਪੰਜਾਬ ਦੀ ਮਿੱਟੀ, ਪਾਣੀ, ਕਿਸਾਨੀ, ਖੇਤ ਮਜ਼ਦੂਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਦਰਬਾਰ-ਏ-ਖਾਲਸਾ ਜਥੇਬੰਦੀ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਸਾਹਮਣੇ ਇਸ ਖੇਤੀ ਨੀਤੀ ਦੀਆਂ ਮੁੱਖ ਗੱਲਾਂ ਰੱਖੀਆਂ ਜਾਣਗੀਆਂ ਅਤੇ ਇਸ ਨੂੰ ਲਾਗੂ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।