ਸਵੱਛਤਾ ਹੀ ਸੇਵਾ-2026 ਤਹਿਤ ਕਬਾੜ ਤੋਂ ਜੁਗਾੜ ਗਤੀਵਿਧੀ ਕਰਵਾਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ
Publish Date: Tue, 29 Sep 2026 04:46 PM (IST)
Updated Date: Wed, 30 Sep 2026 04:03 AM (IST)
ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਤੋਂ ਬਣਾਈਆਂ ਉਪਯੋਗੀ ਤੇ ਸਜਾਵਟੀ ਵਸਤਾਂ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਸਵੱਛਤਾ ਹੀ ਸੇਵਾ-2026’ ਅਭਿਆਨ ਤਹਿਤ ਨਗਰ ਨਿਗਮ ਮੋਗਾ ਵੱਲੋਂ ਕਮਿਸ਼ਨਰ ਨਗਰ ਨਿਗਮ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ 17 ਸਤੰਬਰ ਤੋਂ 17 ਅਕਤੂਬਰ 2026 ਤੱਕ ਵੱਖ-ਵੱਖ ਸਵੱਛਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ‘ਕਬਾੜ ਤੋਂ ਜੁਗਾੜ’ ਗਤੀਵਿਧੀ ਕਰਵਾਈ ਗਈ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਗਤੀਵਿਧੀ ਦੌਰਾਨ ਡੀਐੱਨ ਮਾਡਲ ਸਕੂਲ, ਡਾ. ਸੈਫੂਦੀਨ ਉਦ-ਦੀਨ ਕਿਚਲੂ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੀਮ ਨਗਰ ਦੇ ਵਿਦਿਆਰਥੀਆਂ ਵੱਲੋਂ ਵੇਸਟ ਮਟੀਰੀਅਲ ਦੀ ਰਚਨਾਤਮਕ ਢੰਗ ਨਾਲ ਮੁੜ ਵਰਤੋਂ ਕਰਦਿਆਂ ਵੱਖ-ਵੱਖ ਉਪਯੋਗੀ ਅਤੇ ਸਜਾਵਟੀ ਵਸਤਾਂ ਤਿਆਰ ਕੀਤੀਆਂ ਗਈਆਂ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕੂੜੇ ਦੀ ਸੁਚੱਜੀ ਸੰਭਾਲ, ਮੁੜ ਵਰਤੋਂ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਡਾ. ਸੈਫੂਦੀਨ ਉਦ-ਦੀਨ ਕਿਚਲੂ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹੇਮ ਪ੍ਰਭਾ ਸੂਦ, ਡੀਐੱਨ ਮਾਡਲ ਸਕੂਲ ਦੀ ਪ੍ਰਿੰਸੀਪਲ ਸੋਨੀਆ ਕਲਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੀਮ ਨਗਰ ਦੀ ਪ੍ਰਿੰਸੀਪਲ ਮਨਜੀਤ ਕੌਰ ਸਮੇਤ ਸਕੂਲੀ ਸਟਾਫ ਹਾਜ਼ਰ ਸੀ। ਨਗਰ ਨਿਗਮ ਦੀ ਟੀਮ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸਰੋਤ ਪੱਧਰ ’ਤੇ ਕੂੜੇ ਦੀ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡ, ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਪ੍ਰੋਸੈਸਿੰਗ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਕੂੜੇ ਨੂੰ ਅੱਗ ਨਾ ਲਗਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਨਾਲ ਇਸ ਦੀ ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਨੂੰ ਸੁਚਾਰੂ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਚੀਫ਼ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ, ਸੈਨੇਟਰੀ ਇੰਸਪੈਕਟਰ ਅਮਰਜੀਤ, ਸੀਐੱਫ਼ ਰੇਖਾ ਰਾਣੀ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ ਵੀ ਮੌਜੂਦ ਸੀ। ਸਕੂਲੀ ਵਿਦਿਆਰਥੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜੇ ਨੂੰ ਗਿੱਲੇ ਅਤੇ ਸੁੱਕੇ ਰੂਪ ਵਿਚ ਅਲੱਗ-ਅਲੱਗ ਕਰਨ, ਪਲਾਸਟਿਕ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ, ਕੂੜੇ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਤੇ ਕੂੜੇ ਨੂੰ ਅੱਗ ਨਾ ਲਗਾਉਣ। ਵਿਦਿਆਰਥੀਆਂ ਨੇ ਕਿਹਾ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਅਤੇ ਸਾਂਝੇ ਯਤਨਾਂ ਨਾਲ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਵਾਤਾਵਰਣ ਪੱਖੋਂ ਸਿਹਤਮੰਦ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ।