- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿਖੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਜਗਰਾਜ ਸਿੰਘ, ਸਰਪੰਚ ਹਰਜਿੰਦਰ ਸਿੰਘ, ਸੂਰਜ ਸਿੰਘ, ਸਮਸੇਰ ਸਿੰਘ, ਮਣਪ੍ਰੀਤ ਸਿੰਘ ਅਤੇ ਵਰਕਰਾਂ ਵੱਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਜਥੇਬੰਦੀ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸ਼ੋਸ਼ਣ ਨੂੰ ਦਸਤਾਰ ਸਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ, ਨੌਜਵਾਨ ਅਤੇ ਸਿੱਖ ਸੰਗਤਾਂ ਹਾਜ਼ਰ ਰਹੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਬੰਦੀ ਸਿੰਘਾਂ ਅਤੇ ਭਾਈ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਅਤੇ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਛੱਡੀਆਂ ਗਈਆਂ, ਜਿਸ ਕਾਰਨ ਰਛਪਾਲ ਸਿੰਘ ਸੋਸਣ ਦੀ ਦਸਤਾਰ ਉਤਰ ਗਈ ਸੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿੱਖ ਪਰੰਪਰਾ ਵਿਚ ਦਸਤਾਰ ਸਤਿਕਾਰ, ਸਵੈਮਾਣ ਅਤੇ ਪਛਾਣ ਦਾ ਪ੍ਰਤੀਕ ਹੈ। ਇਸ ਘਟਨਾ ਤੋਂ ਬਾਅਦ ਜਥੇਬੰਦੀ ਦੇ ਵਰਕਰਾਂ ਅਤੇ ਸਿੱਖ ਸੰਗਤਾਂ ਵੱਲੋਂ ਰਛਪਾਲ ਸਿੰਘ ਸ਼ੋਸ਼ਣ ਨੂੰ ਮੁੜ ਦਸਤਾਰ ਸਜਾ ਕੇ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਲੜੀ ਤਹਿਤ ਵੱਖ-ਵੱਖ ਪਿੰਡਾਂ ਵਿਚ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਉਨ੍ਹਾਂ ਨੂੰ ਦਸਤਾਰ ਸਜਾ ਕੇ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ। ਦਾਰਾਪੁਰ ਵਿਖੇ ਹੋਏ ਸਮਾਗਮ ਦੌਰਾਨ ਵੀ ਜਥੇਬੰਦੀ ਦੇ ਆਗੂਆਂ ਨੇ ਰਛਪਾਲ ਸਿੰਘ ਸੋਸਣ ਨੂੰ ਦਸਤਾਰ ਸਜਾਈ ਅਤੇ ਕਿਹਾ ਕਿ ਉਹ ਆਪਣੇ ਹੱਕਾਂ ਅਤੇ ਮੰਗਾਂ ਲਈ ਲੋਕਤੰਤਰੀ ਢੰਗ ਨਾਲ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲ ਰਿਹਾ ਇਹ ਸਨਮਾਨ ਉਨ੍ਹਾਂ ਲਈ ਹੋਰ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਕੌਮ ਦੀ ਸੇਵਾ ਅਤੇ ਲੋਕ ਹਿੱਤਾਂ ਦੇ ਮੁੱਦਿਆਂ ਲਈ ਪਹਿਲਾਂ ਵਾਂਗ ਹੀ ਡਟੇ ਰਹਿਣਗੇ। ਸਮਾਗਮ ਦੌਰਾਨ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਆਪਸੀ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਸਿੱਖੀ ਦੇ ਸਤਿਕਾਰ ਅਤੇ ਸਾਂਝੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਇਸੇ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ