ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਬਾਘਾ ਪੁਰਾਣਾ ਦੇ 15 ਵਾਰਡਾਂ ’ਚ ਅੱਜ ਹੋਵੇਗੀ ਵੋਟਿੰਗ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ
Publish Date: Fri, 27 Nov 2026 05:41 PM (IST)
Updated Date: Fri, 27 Nov 2026 05:43 PM (IST)
ਲੰਮੇ ਅਰਸੇ ਬਾਅਦ ਵੋਟਰਾਂ ਨੂੰ ਮਿਲੇਗਾ ਆਪਣੀ ਪਸੰਦ ਦਾ ਕੌਂਸਲਰ ਚੁਣਨ ਦਾ ਮੌਕਾ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਨਗਰ ਕੌਂਸਲ ਬਾਘਾ ਪੁਰਾਣਾ ਵਿਚ 28 ਨਵੰਬਰ 2026, ਦਿਨ ਸ਼ਨੀਵਾਰ ਨੂੰ ਹੋ ਰਹੀਆਂ ਚੋਣਾਂ ਨੂੰ ਲੈਕੇ ਨਗਰ ਕੌਂਸਲ ਬਾਘਾਪੁਰਾਣਾ ਦੇ ਅਧੀਨ ਪੈਂਦੇ 15 ਵਾਰਡਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਲੰਮੇ ਅਰਸੇ ਤੋਂ ਬਾਅਦ ਨਗਰ ਕੌਂਸਲ ਬਾਘਾਪੁਰਾਣਾ ਸ਼ਹਿਰ ਦੇ ਵਾਸੀ ਆਪਣੇ ਆਪਣੇ ਵਾਰਡ ਤੋਂ ਆਪਣੇ ਪਸੰਦੀ ਦੇ ਉਮੀਦਵਾਰ ਨੂੰ ਆਪਣੀ ਵੋਟ ਪਾ ਕੇ ਆਪਣੇ ਪਸੰਦ ਦੇ ਕੌਂਸਲਰ ਨੂੰ ਚੁਣ ਸਕਣਗੇ, ਕਿਉਂਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਸ਼ਹਿਰ ਵਾਸੀਆਂ ਦੇ ਨਾਲ ਧੱਕਾ ਹੀ ਹੁੰਦਾ ਆਇਆ ਹੈ, ਕਿਉਂਕਿ ਜਿਸ ਪਾਰਟੀ ਦੀ ਉਪਰ ਸੂਬੇ ਵਿਚ ਸਰਕਾਰ ਹੁੰਦੀ ਸੀ ਉਸ ਪਾਰਟੀ ਦੇ ਵਿਧਾਇਕ ਵਲੋਂ ਧੱਕੇ ਨਾਲ ਆਪਣੇ ਹੀ ਪਾਰਟੀ ਦੇ ਸਾਰੇ ਵਾਰਡਾਂ ਤੋਂ ਬਿਨਾਂ ਮੁਕਾਬਲਾ ਜੇਤੂ ਕਰਾਰ ਦੇਣ ਲਈ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਥਿਤ ਤੌਰ ’ਤੇ ਨਾਮਜਦਗੀ ਪੱਤਰ ਤੱਕ ਦਾਖਲ ਨਹੀਂ ਹੋਣ ਦਿੱਤੇ ਜਾਂਦੇ ਸਨ, ਜਿਸ ਕਰਕੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾਂਦੇ ਸਨ। ਜੋ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਮੁੜ ਚੋਣਾਂ ਹੋਣ ਜਾ ਰਹੀਆਂ ਹਨ, ਇਸ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਆਪ ਸਰਕਾਰ ਵਿਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਪ ਪਾਰਟੀ ਦੇ ਉਮੀਦਵਾਰਾਂ ਦੇ ਇਲਾਵਾ ਹੋਰ ਕਿਸੇ ਵੀ ਪਾਰਟੀ ਦੇ ਨਾਮਜ਼ਦਗੀ ਪੱਤਰ ਦਾਖਲ ਨਾ ਹੋਣ ਕਰਕੇ ਆਪ ਪਾਰਟੀ ਦੇ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸਨ। ਅਕਾਲੀ ਦਲ ਪਾਰਟੀ ਦੀ ਅਗਵਾਈ ਕਰ ਰਹੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦਾ ਦੋਸ਼ ਸੀ ਕਿ ਆਪ ਪਾਰਟੀ ਨੇ ਅਫ਼ਸਰ ਸਾਹੀ ਨਾਲ ਕਥਿਤ ਮਿਲੀਭੁਗਤ ਕਰਕੇ ਧੱਕੇਸ਼ਾਹੀ ਕੀਤੀ ਹੈ, ਜਿਸ ਦੇ ਬਾਅਦ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ ਵਿਚ ਪਾਈ ਗਈ ਪਟੀਸ਼ਨ ਦੇ ਬਾਅਦ ਮਾਣਯੋਗ ਸੁਪਰੀਮ ਕੋਰਟ ਨੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਰੇ ਕੌਂਸਲਰ ਸਸਪੈਂਡ ਕਰ ਦਿੱਤੇ ਗਏ ਸਨ, ਜਿਸ ਦੇ ਬਾਅਦ ਮਾਣਯੋਗ ਅਦਾਲਤ ਦੇ ਆਦੇਸ਼ਾਂ ’ਤੇ 28 ਨਵੰਬਰ ਨੂੰ ਨਗਰ ਕੌਂਸਲ ਦੇ 15 ਵਾਰਡਾਂ ਵਿਚ ਮੁੜ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਰਕੇ ਹੁਣ ਨਗਰ ਕੌਂਸਲ ਬਾਘਾਪੁਰਾਣਾ ਦੇ ਲੋਕ ਆਪਣੇ ਪਸੰਦੀ ਦੇ ਉਮੀਦਵਾਰ ਨੂੰ ਜਿੱਥੇ ਵੋਟ ਪਾ ਸਕਣਗੇ, ਉਥੇ ਹੀ ਉਹ ਆਪਣੇ ਵਾਰਡ ਵਿਚ ਆਪਣੇ ਪਸੰਦੀ ਦਾ ਕੌਂਸਲਰ ਵੀ ਚੁਣ ਸਕਣਗੇ ਅਤੇ ਚੋਣਾਂ ਨੂੰ ਲੈਕੇ ਨਗਰ ਕੌਂਸਲ ਬਾਘਾ ਪੁਰਾਣਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।