- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 1989 ਵਿਚ ਮੋਗਾ ਸ਼ਹਿਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਾਲ 1989 ਵਿਚ ਮੋਗਾ ਸ਼ਹਿਰ ਦੇ ਵਿਚਕਾਰ ਇਕ ਪਾਰਕ ਵਿਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਮਾਗਮ ਦੌਰਾਨ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ 25 ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੀ ਆਰਥਿਕ ਮਦਦ ਲਈ ਮੋਗਾ ਪੀੜਤ ਸ਼ਹੀਦੀ ਪਰਿਵਾਰ ਸਹਾਇਤਾ ਅਤੇ ਸੇਵਾ ਕਮੇਟੀ ਵੱਲੋਂ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 1989 ਵਿਚ ਮੋਗਾ ਸ਼ਹਿਰ ਦੇ ਕੇਂਦਰ ਵਿਚ ਸਥਿਤ ਇਕ ਪਾਰਕ ਵਿਚ ਆਰਐੱਸਐੱਸ ਦੇ ਸਮਾਗਮ ਦੌਰਾਨ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ 25 ਸਵੈਮਸੇਵਕ ਸ਼ਹੀਦ ਹੋ ਗਏ ਸਨ, ਜਦਕਿ 31 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਵਿਚੋਂ ਕਈ ਵਿਅਕਤੀਆਂ ਨੇ ਆਪਣੀਆਂ ਲੱਤਾਂ ਗੁਆ ਦਿੱਤੀਆਂ, ਜਦਕਿ ਕੁੱਝ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਸ਼ਹੀਦ ਹੋਏ ਵਿਅਕਤੀਆਂ ਦੀ ਯਾਦ ਵਿਚ ਮੋਗਾ ਵਿਖੇ ਸ਼ਹੀਦੀ ਪਾਰਕ ਵਿਚ ਸਮਾਰਕ ਬਣਾਇਆ ਗਿਆ ਹੈ। ਹਮਲੇ ਨੂੰ 36 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅੱਜ ਤੱਕ ਸ਼ਹੀਦ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਸਰਕਾਰ ਵੱਲੋਂ ਕੋਈ ਵਿਸ਼ੇਸ਼ ਆਰਥਿਕ ਸਹਾਇਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਪਰਿਵਾਰ ਹੇਠਲੇ ਮੱਧ ਵਰਗ ਨਾਲ ਸਬੰਧਤ ਸਨ ਅਤੇ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ। ਪਰਿਵਾਰ ਦੇ ਕਮਾਉਣ ਵਾਲੇ ਮੈਂਬਰਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਲਈ ਜੀਵਨ ਬਤੀਤ ਕਰਨਾ ਅੱਜ ਵੀ ਮੁਸ਼ਕਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਦੀ ਸਾਂਭ-ਸੰਭਾਲ ਲਈ ਵੀ ਸਰਕਾਰੀ ਪੱਧਰ ’ਤੇ ਕੋਈ ਵਿਸ਼ੇਸ਼ ਸਹਾਇਤਾ ਨਹੀਂ ਮਿਲੀ। ਇਹ ਸਮਾਰਕ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਨੂੰ ਸਾਂਭ ਕੇ ਰੱਖਣ ਦਾ ਕੰਮ ਕਰ ਰਿਹਾ ਹੈ। ਕਮੇਟੀ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸ਼ਹੀਦ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਹਮਲੇ ਵਿਚ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਲੋਕਾਂ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਆਰਥਿਕ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਮੋਗਾ ਵਿਚ ਸਥਾਪਿਤ ਸ਼ਹੀਦੀ ਸਮਾਰਕ ਨੂੰ ਹੋਰ ਸੁੰਦਰ ਬਣਾਉਣ ਅਤੇ ਸ਼ਹੀਦੀ ਪਾਰਕ ਦੀ ਸਾਂਭ-ਸੰਭਾਲ ਲਈ ਵੀ ਕੇਂਦਰ ਸਰਕਾਰ ਵੱਲੋਂ ਆਰਥਿਕ ਸਹਿਯੋਗ ਦਿੱਤੇ ਜਾਣ ਦੀ ਮੰਗ ਕੀਤੀ ਗਈ।