- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਵਿਚ ਟ੍ਰੈਫ਼ਿਕ ਜਾਮ ਦੀ ਸਮੱਸਿਆ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਵਿਚ ਟ੍ਰੈਫ਼ਿਕ ਜਾਮ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਖ਼ਾਸ ਕਰਕੇ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਹਰ ਰੋਜ਼ ਸਵੇਰੇ ਅਤੇ ਸ਼ਾਮ ਦੇ ਸਮੇਂ ਲੰਬੇ ਟ੍ਰੈਫ਼ਿਕ ਜਾਮ ਆਮ ਗੱਲ ਬਣ ਗਏ ਹਨ। ਜਾਮ ਕਾਰਨ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ, ਸਗੋਂ ਐਂਬੂਲੈਂਸਾਂ, ਸਕੂਲੀ ਵਾਹਨਾਂ, ਦਫ਼ਤਰ ਜਾਣ ਵਾਲੇ ਕਰਮਚਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਸਿਰਫ਼ ਜਾਮ ਖੁੱਲ੍ਹਵਾਉਣਾ ਹੀ ਕਾਫ਼ੀ ਨਹੀਂ, ਸਗੋਂ ਜਾਮ ਦੇ ਅਸਲ ਕਾਰਨਾਂ ਨੂੰ ਦੂਰ ਕਰਨਾ ਵੀ ਬਹੁਤ ਜ਼ਰੂਰੀ ਹੈ। ਸਭ ਤੋਂ ਵੱਧ ਸਮੱਸਿਆ ਮੋਗਾ ਦੇ ਮੇਨ ਬਾਜ਼ਾਰ ਵਿਚ ਵੇਖਣ ਨੂੰ ਮਿਲਦੀ ਹੈ, ਜਿੱਥੇ ਸੜਕਾਂ ਪਹਿਲਾਂ ਹੀ ਕਾਫ਼ੀ ਤੰਗ ਹਨ ਅਤੇ ਦੋਵੇਂ ਪਾਸਿਆਂ ਦੁਕਾਨਾਂ ਹੋਣ ਕਾਰਨ ਹਰ ਸਮੇਂ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਸ ਦੇ ਬਾਵਜੂਦ ਕਈ ਵਾਹਨ ਚਾਲਕ ਆਪਣੀਆਂ ਕਾਰਾਂ ਅਤੇ ਹੋਰ ਚਾਰ ਪਹੀਆ ਵਾਹਨ ਸਿੱਧੇ ਦੁਕਾਨਾਂ ਦੇ ਸਾਹਮਣੇ ਸੜਕ ਉੱਤੇ ਹੀ ਖੜ੍ਹੇ ਕਰਕੇ ਖਰੀਦਦਾਰੀ ਲਈ ਚਲੇ ਜਾਂਦੇ ਹਨ। ਕਈ ਵਾਰ ਵਾਹਨ ਅੱਧਾ ਘੰਟਾ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਸੜਕ ਵਿਚਕਾਰ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਹੋਰ ਵਾਹਨਾਂ ਲਈ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਕੁਝ ਹੀ ਮਿੰਟਾਂ ਵਿੱਚ ਲੰਬਾ ਟ੍ਰੈਫ਼ਿਕ ਜਾਮ ਲੱਗ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਾਮ ਦਾ ਸਭ ਤੋਂ ਵੱਡਾ ਕਾਰਨ ਗਲਤ ਢੰਗ ਨਾਲ ਕੀਤੀ ਜਾ ਰਹੀ ਪਾਰਕਿੰਗ ਹੈ। ਜਦੋਂ ਇਕ ਜਾਂ ਦੋ ਕਾਰਾਂ ਵੀ ਸੜਕ ਦੇ ਵਿਚਕਾਰ ਜਾਂ ਕਿਨਾਰੇ ਗਲਤ ਤਰੀਕੇ ਨਾਲ ਖੜ੍ਹੀਆਂ ਹੁੰਦੀਆਂ ਹਨ ਤਾਂ ਸਾਰੀ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ। ਇਸ ਦੌਰਾਨ ਦੋਪਹੀਆ ਵਾਹਨ, ਈ-ਰਿਕਸ਼ੇ ਅਤੇ ਹੋਰ ਛੋਟੇ ਵਾਹਨ ਵੀ ਜਾਮ ਵਿਚ ਫਸ ਜਾਂਦੇ ਹਨ, ਜਿਸ ਕਾਰਨ ਪੂਰੇ ਬਾਜ਼ਾਰ ਦੀ ਰਫ਼ਤਾਰ ਹੌਲੀ ਪੈ ਜਾਂਦੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰ ਦੇ ਆਲੇ-ਦੁਆਲੇ ਢੰਗ ਦੀ ਪਾਰਕਿੰਗ ਸਹੂਲਤ ਦੀ ਘਾਟ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਕੁਝ ਸਾਲ ਪਹਿਲਾਂ ਪ੍ਰਸ਼ਾਸਨ ਵੱਲੋਂ ਦੋ ਥਾਵਾਂ 'ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਸੀ, ਪਰ ਲੋਕਾਂ ਨੇ ਉਸਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਪ੍ਰਸ਼ਾਸਨ ਲੋਕਾਂ ਨੂੰ ਉੱਥੇ ਵਾਹਨ ਖੜ੍ਹੇ ਕਰਨ ਲਈ ਪ੍ਰੇਰਿਤ ਕਰ ਸਕਿਆ। ਨਤੀਜੇ ਵਜੋਂ ਅੱਜ ਵੀ ਜ਼ਿਆਦਾਤਰ ਲੋਕ ਆਪਣੀਆਂ ਗੱਡੀਆਂ ਦੁਕਾਨਾਂ ਦੇ ਸਾਹਮਣੇ ਹੀ ਖੜ੍ਹੀਆਂ ਕਰ ਦਿੰਦੇ ਹਨ, ਜਿਸ ਨਾਲ ਮੁੱਖ ਸੜਕਾਂ ਉੱਤੇ ਹਰ ਰੋਜ਼ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਰਾਹਗੀਰਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਦੁਕਾਨਾਂ ਦੇ ਬਾਹਰ ਕੀਤੇ ਗਏ ਛੋਟੇ-ਮੋਟੇ ਨਾਜਾਇਜ਼ ਕਬਜ਼ੇ ਹਟਾਏ ਜਾਣ, ਸੜਕਾਂ ਉੱਤੇ ਗਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਯਕੀਨੀ ਬਣਾਈ ਜਾਵੇ ਤਾਂ ਟ੍ਰੈਫ਼ਿਕ ਦੀ ਸਮੱਸਿਆ ਵਿੱਚ ਕਾਫ਼ੀ ਹੱਦ ਤੱਕ ਸੁਧਾਰ ਹੋ ਸਕਦਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਕਈ ਥਾਵਾਂ 'ਤੇ ਤਾਇਨਾਤ ਤਾਂ ਰਹਿੰਦੇ ਹਨ, ਪਰ ਗਲਤ ਢੰਗ ਨਾਲ ਖੜ੍ਹੇ ਕੀਤੇ ਵਾਹਨਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬਜਾਏ ਅਕਸਰ ਜਾਮ ਲੱਗਣ ਤੋਂ ਬਾਅਦ ਹੀ ਵਾਹਨਾਂ ਨੂੰ ਕੱਢਣ ਵਿੱਚ ਰੁੱਝ ਜਾਂਦੇ ਹਨ।
ਨਿਗਮ ਦਫ਼ਤਰ ਅੱਗੇ ਪਾਬੰਦੀ, ਸ਼ਹਿਰ ’ਚ ਬੇਨਿਯਮੀ ਜਾਰੀ
ਸ਼ਹਿਰ ਦਾ ਬੁਨਿਆਦੀ ਢਾਂਚਾ ਸੁਧਾਰਨ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਵੀ ਬਣਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਨੇ ਆਪਣੇ ਦਫ਼ਤਰ ਨੂੰ ਜਾਣ ਵਾਲੀ ਸੜਕ ਨੂੰ 'ਵਾਹਨ ਖੜ੍ਹੇ ਕਰਨ ਮਨਾਹੀ ਖੇਤਰ' ਐਲਾਨਿਆ ਹੋਇਆ ਹੈ। ਉੱਥੇ ਚੇਤਾਵਨੀ ਬੋਰਡ ਵੀ ਲਗਾਏ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦਾ ਵੀ ਪ੍ਰਬੰਧ ਹੈ। ਪਰ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਹੋਰ ਰੁੱਝੀਆਂ ਸੜਕਾਂ 'ਤੇ ਅਜਿਹੀ ਸਖ਼ਤੀ ਨਜ਼ਰ ਨਹੀਂ ਆਉਂਦੀ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਹੀ ਨਿਯਮ ਪੂਰੇ ਸ਼ਹਿਰ ਵਿਚ ਇੱਕਸਾਰ ਲਾਗੂ ਕੀਤੇ ਜਾਣ ਤਾਂ ਟ੍ਰੈਫ਼ਿਕ ਜਾਮ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ, ਟ੍ਰੈਫ਼ਿਕ ਪੁਲਿਸ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਮੁੱਖ ਬਾਜ਼ਾਰ ਵਿਚ ਗਲਤ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਨਿਯਮਿਤ ਮੁਹਿੰਮ ਚਲਾਈ ਜਾਵੇ, ਪਾਰਕਿੰਗ ਪ੍ਰਬੰਧ ਨੂੰ ਮਜ਼ਬੂਤ ਕੀਤਾ ਜਾਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਠੋਸ ਅਤੇ ਲੰਬੇ ਸਮੇਂ ਵਾਲੇ ਉਪਾਅ ਕੀਤੇ ਜਾਣ, ਤਾਂ ਜੋ ਮੋਗਾ ਵਾਸੀਆਂ ਨੂੰ ਹਰ ਰੋਜ਼ ਟ੍ਰੈਫ਼ਿਕ ਜਾਮ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।