- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਵਿਖੇ ਪੰਜਾਬੀ ਮਿਸਟ੍ਰੈਸ ਵਜੋਂ ਸੇਵਾਵਾਂ ਨਿਭਾਅ ਰਹੀ ਵੀਰਪਾਲ ਕੌਰ ਦੀ ਪਲੇਠੀ ਕਾਵਿ ਪੁਸਤਕ ਪਰਵਾਜ਼ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤ ਪ੍ਰੇਮੀਆਂ, ਅਧਿਆਪਕਾਂ ਅਤੇ ਸਾਹਿਤਕਾਰਾਂ ਵੱਲੋਂ ਵੀਰਪਾਲ ਕੌਰ ਨੂੰ ਉਨ੍ਹਾਂ ਦੀ ਇਸ ਸਾਹਿਤਕ ਪੈੜ ਲਈ ਵਧਾਈ ਦਿੱਤੀ ਗਈ। ਪੁਸਤਕ ਲੋਕ ਅਰਪਣ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਹਿਤ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਸਮਾਜ ਵਿਚ ਚੰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਲੋੜ ਹੈ ਕਿਉਂਕਿ ਸਾਹਿਤ ਰਾਹੀਂ ਬੱਚਿਆਂ ਅੰਦਰ ਸਿਰਜਣਾਤਮਕ ਸੋਚ, ਸੰਵੇਦਨਸ਼ੀਲਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ। ਇਸ ਕਾਰਜ ਲਈ ਅਧਿਆਪਕ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਬਣ ਸਕਦੇ ਹਨ। ਵੀਰਪਾਲ ਕੌਰ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਰਵਾਜ਼ ਵਿਚ ਸ਼ਾਮਲ ਕਵਿਤਾਵਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਦੇ ਅਨੁਭਵਾਂ, ਭਾਵਨਾਵਾਂ ਅਤੇ ਆਲੇ-ਦੁਆਲੇ ਦੇ ਸਮਾਜਿਕ ਵਰਤਾਰਿਆਂ ’ਚੋਂ ਸਿਰਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਰਚਨਾਵਾਂ ਉਨ੍ਹਾਂ ਦੇ ਮਨ ਵਿਚ ਉੱਪਜੇ ਵੱਖ-ਵੱਖ ਭਾਵਾਂ ਦਾ ਇਕ ਸਾਹਿਤਕ ਗੁਲਦਸਤਾ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਪਤੀ ਹਰਸਿਮਰਨ ਸਿੰਘ ਮੌਂਟੀ ਤੋਂ ਮਿਲੀ ਪ੍ਰੇਰਣਾ ਸਦਕਾ ਪੁਸਤਕ ਦਾ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਪਰਵਾਜ਼ ਉਨ੍ਹਾਂ ਲਈ ਸਿਰਫ਼ ਇਕ ਪੁਸਤਕ ਨਹੀਂ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ, ਅਨੁਭਵਾਂ ਅਤੇ ਸਾਹਿਤ ਪ੍ਰਤੀ ਪਿਆਰ ਦੀ ਅਭਿਵਿਅਕਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਠਕ ਇਸ ਪੁਸਤਕ ਨੂੰ ਪਿਆਰ ਦੇਣਗੇ ਅਤੇ ਇਸ ਵਿਚ ਦਰਜ ਕਵਿਤਾਵਾਂ ਨਾਲ ਆਪਣੇ ਆਪ ਨੂੰ ਜੋੜ ਸਕਣਗੇ। ਇਸ ਮੌਕੇ ਉੱਘੇ ਸਾਹਿਤਕਾਰ ਅਮਰਪ੍ਰੀਤ ਕੌਰ ਸੰਘਾ, ਬਲਜਿੰਦਰ ਕੌਰ ਕਲਸੀ, ਬਲਜੀਤ ਸਿੰਘ ਸੇਖਾਂ, ਪ੍ਰਦੀਪ ਕੜਿਆਲ, ਅਮਨਦੀਪ ਕੌਰ, ਸੰਦੀਪ ਕੌਰ ਅਤੇ ਰੀਤ ਸਮੇਤ ਹੋਰ ਸਾਹਿਤ ਪ੍ਰੇਮੀ ਅਤੇ ਅਧਿਆਪਕ ਵੀ ਹਾਜ਼ਰ ਸਨ। ਹਾਜ਼ਰ ਸ਼ਖ਼ਸੀਅਤਾਂ ਨੇ ਵੀਰਪਾਲ ਕੌਰ ਨੂੰ ਉਨ੍ਹਾਂ ਦੀ ਪਹਿਲੀ ਸਾਹਿਤਕ ਪੁਸਤਕ ਲਈ ਸ਼ੁਭਕਾਮਨਾਵਾਂ ਦਿੰਦਿਆਂ ਭਵਿੱਖ ’ਚ ਵੀ ਪੰਜਾਬੀ ਸਾਹਿਤ ਦੀ ਸੇਵਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।