- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ: ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਤਹਿਤ ਬੱਧਨੀ ਕਲਾਂ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਬੰਦ ਦੌਰਾਨ ਕਿਰਤੀ ਕਿਸਾਨ ਯੂਨੀਅਨ, ਵਾਰਿਸ ਪੰਜਾਬ ਦੇ ਜਥੇਬੰਦੀ, ਕਿਸਾਨ ਮਜਦੂਰ ਸੰਘਰਸ਼ ਕਮੇਟੀ, ਸਟੂਡੈਂਟ ਯੂਨੀਅਨ ਤੋਂ ਇਲਾਵਾ ਹੋਰਨਾਂ ਵੱਖ-ਵੱਖ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਮੋਗਾ-ਬਰਨਾਲਾ ਮੁੱਖ ਮਾਰਗ ਜਾਮ ਕਰਕੇ ਰੋਸਮਈ ਪ੍ਰਦਰਸ਼ਨ ਕੀਤਾ। ਮੁੱਖ ਮਾਰਗ ਨੂੰ ਜਾਮ ਕੀਤੇ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਅਤੇ ਐੱਸਪੀ ਗੁਰਸ਼ਨਜੀਤ ਸਿੰਘ ਸੰਧੂ, ਡੀਐੱਸਪੀ ਸਤਵੰਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ’ਚ ਪੁਲਿਸ ਫੋਰਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਨੈਸ਼ਨਲ ਹਾਈਵੇ ਦਾ ਇਕ ਪਾਸਾ ਖ਼ਾਲੀ ਕਰਕੇ ਟ੍ਰੈਫ਼ਿਕ ਨੂੰ ਨਿਰਵਿਘਨ ਚਲਾਉਣ ਲਈ ਆਖਿਆ ਤਾਂ ਜਥੇਬੰਦੀਆਂ ਦੇ ਆਗੂਆਂ ਨੇ ਕੁੱਝ ਸਮਾਂ ਮੀਟਿੰਗ ਕਰਨ ਉਪਰੰਤ ਸੜਕ ਦਾ ਇਕ ਪਾਸਾ ਖ਼ਾਲੀ ਕਰ ਦਿੱਤਾ ਅਤੇ ਦੂਸਰੇ ਪਾਸੇ ਧਰਨਾ ਉਸੇ ਤਰ੍ਹਾਂ ਜਾਰੀ ਰੱਖਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ ਆਪਣੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਉਸ ਨੇ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕਰਵਾਇਆ ਸੀ ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੀ ਪਰਵਿੰਦਰ ਸਿੰਘ ਝੋਟਾ ਨੇ ਸਾਲ 2023 ਵਿਚ ਅਸ਼ਵਨੀ ਕੁਮਾਰ ਨੂੰ ਨਸ਼ਿਆਂ ਦੇ ਮਾਮਲੇ ਵਿਚ ਕਾਬੂ ਕਰਵਾ ਕੇ ਜੇਲ੍ਹ ਭਿਜਵਾਇਆ ਸੀ। ਇਸੇ ਤਹਿਤ ਮੈਡੀਕਲ ਸਟੋਰ ’ਤੇ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਿਸ ਦੇ ਇੰਨਸਾਫ ਲਈ ਅੱਜ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਣਯੋਧ ਸਿੰਘ ਰਣੀਆਂ, ਗੁਰਪ੍ਰੀਤ ਸਿੰਘ ਗੋਰਾ, ਸਤਨਾਮ ਸਿੰਘ ਲੋਪੋ, ਭੁਪਿੰਦਰ ਸਿੰਘ ਦੁੱਨੇਕੇ, ਸਤਨਾਮ ਸਿੰਘ ਬਿਲਾਸਪੁਰ, ਹਰਿੰਦਰ ਸਿੰਘ ਹੈਰੀ, ਸੁਖਚੈਨ ਸਿੰਘ ਸੁੱਖਾ, ਬੇਅੰਤ ਸਿੰਘ ਮੱਲੇਆਣਾ, ਨਿਰੰਜਣ ਸਿੰਘ, ਸ਼ਿੰਦਰ ਸਿੰਘ ਮੱਲੇਆਣਾ, ਬਲਜਿੰਦਰ ਸਿੰਘ ਮਾਛੀਕੇ,ਪਲਵਿੰਦਰ ਸਿੰਘ ਮਾਨ, ਵੀਰਪਾਲ ਸਿੰਘ ਸਮਾਲਸਰ, ਮਲਕੀਤ ਭਾਰਤੀ, ਬਿੱਟੂ ਸਿੰਘ, ਗੁਰਬਖਸ਼ ਸਿੰਘ, ਇੰਦਰਜੀਤ ਸਿੰਘ ਰਾਮਾ, ਸੁਖਮੰਦਰ ਸਿੰਘ ਮੱਲੇਆਣਾ, ਹਰਪ੍ਰੀਤ ਸਿੰਘ ਢੁੱਡੀਕੇ, ਲਾਲ ਸਿੰਘ ਬੱਧਨੀ, ਕਰਨੈਲ ਸਿੰਘ ਬੱਧਨੀ, ਜਗਤਾਰ ਸਿੰਘ ਮੱਦੋਕੇ, ਕਰਮਜੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।