- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਵਿੰਦਰ ਮਾਨ ਜਿੰਮ ਵਾਲੇ ਖ਼ਿਲਾਫ਼ ਦਰਜ

ਕਿਸਾਨ ਜਥੇਬੰਦੀਆਂ ਨੇ ਹੱਕ ’ਚ ਤੇ ਪੀੜਤ ਪਰਿਵਾਰ ਨੇ ਵਿਰੋਧ ’ਚ ਲਾਇਆ ਧਰਨਾ
ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਕੁਲਵਿੰਦਰ ਮਾਨ ਜਿੰਮ ਵਾਲੇ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਸ਼ੀਨਵਾਰ ਨੂੰ ਕੋਟ ਈਸੇ ਖਾਂ ਵਿਖੇ ਕਾਲੇ ਪਾਣੀ ਮੋਰਚੇ ਦੇ ਆਗੂ ਅਮਿਤੋਜ ਮਾਨ, ਹਰ ਪੀੜਤ ਯੂਨੀਅਨ ਦੇ ਨੁਮਾਇੰਦਿਆਂ ਸਮੇਤ ਕਰੀਬ 16 ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦਾਅਵਾ ਕੀਤਾ ਕਿ ਕੁਲਵਿੰਦਰ ਮਾਨ ਖ਼ਿਲਾਫ਼ ਦਰਜ ਐੱਫਆਈਆਰ ਝੂਠੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਸਾਜਨ ਛਾਬੜਾ ਦੀ ਅਗਵਾਈ ’ਚ ਵੀ ਮਾਨ ਦੇ ਹੱਕ ਵਿਚ ਲੱਗੇ ਧਰਨੇ ਦਾ ਵਿਰੋਧ ਕਰਦਿਆਂ ਵੱਖਰਾ ਧਰਨਾ ਦਿੱਤਾ ਗਿਆ ਅਤੇ ਆਪਣੇ ਪੱਖ ਵਿਚ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਐੱਸਐੱਚਓ ਸੁਨੀਤਾ ਰਾਣੀ ਦੀ ਕਾਰਜਪ੍ਰਣਾਲੀ ਨਿਰਪੱਖ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸਐੱਚਓ ਦੀ ਤੁਰੰਤ ਬਦਲੀ ਕਰਕੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਅਧਿਕਾਰੀ ਤੋਂ ਕਰਵਾਈ ਜਾਵੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਐੱਸਐੱਚਓ ਦੀ ਕਾਰਜਸ਼ੈਲੀ ਨੂੰ ਲੈ ਕੇ ਪਹਿਲਾਂ ਵੀ ਦੋ ਵਾਰ ਰੋਸ ਧਰਨੇ ਲੱਗ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਗਾਇਆ ਕਿ ਹਲਕੇ ਦੇ ਵਿਧਾਇਕ ਦੀ ਕਥਿਤ ਸਹਾਇਤਾ ਨਾਲ ਬੇਕਸੂਰ ਲੋਕਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਕੁਲਵਿੰਦਰ ਮਾਨ ਨੇ ਪਹਿਲਾਂ ਸ਼ਿਕਾਇਤਕਰਤਾ ਦੇ ਪਰਿਵਾਰ ਨਾਲ ਸਬੰਧਤ ਇਕ ਮੈਡੀਕਲ ਸਟੋਰ ਵਿਚ ਕਥਿਤ ਤੌਰ 'ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸਬੰਧਤ ਮੈਡੀਕਲ ਸਟੋਰ ਨੂੰ ਸੀਲ ਕੀਤਾ ਗਿਆ ਅਤੇ ਕੇਸ ਵੀ ਦਰਜ ਹੋਇਆ ਸੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਸੇ ਰੰਜਿਸ਼ ਦੇ ਚੱਲਦਿਆਂ ਕੁਲਵਿੰਦਰ ਮਾਨ ਖ਼ਿਲਾਫ਼ ਮੌਜੂਦਾ ਐੱਫਆਈਆਰ ਦਰਜ ਕਰਵਾਈ ਗਈ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਪੀੜਤ ਪਰਿਵਾਰ ਨੇ ਮਾਨ ਦੇ ਹੱਕ ਵਿਚ ਚੱਲ ਰਹੇ ਧਰਨੇ ਦਾ ਵਿਰੋਧ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਪਰਿਵਾਰ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਅਤੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ। ਧਰਨੇ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਇਸ ਦੌਰਾਨ ਡੀਐੱਸਪੀ ਧਰਮਕੋਟ ਮੌਕੇ 'ਤੇ ਪਹੁੰਚੇ ਅਤੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਮੰਗ ਪੱਤਰ ਵਿਚ ਕੁਲਵਿੰਦਰ ਮਾਨ ਨੂੰ ਇਨਸਾਫ਼ ਦਿਵਾਉਣ, ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਐੱਸਐੱਚਓ ਸੁਨੀਤਾ ਰਾਣੀ ਦੀ ਬਦਲੀ ਦੀ ਮੰਗ ਕੀਤੀ ਗਈ। ਡੀਐੱਸਪੀ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਭੇਜ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਈ ਜਾਵੇਗੀ। ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸ਼ਾਂਤਮਈ ਢੰਗ ਨਾਲ ਸਮਾਪਤ ਕਰ ਦਿੱਤਾ। ਇਸ ਮੌਕੇ ਖੁਸ਼ਵਿੰਦਰ ਸਿੰਘ, ਸਮਾਜਸੇਵੀ ਮਹਿੰਦਰਪਾਲ ਲੂੰਬਾ, ਜਸਵੀਰ ਸਿੰਘ ਆਹਲੂਵਾਲੀਆ, ਗੁਰਚਰਨ ਸਿੰਘ ਸੀਪੀਆਈ, ਦਿਲਰਾਜ ਸਿੰਘ, ਗੁਰਦੇਵ ਸਿੰਘ ਸ਼ਾਹਵਾਲਾ, ਹੀਰਾ ਸਿੰਘ ਜੋਨ ਪ੍ਰਧਾਨ, ਕੁਲਦੀਪ ਸਿੰਘ ਦੌਲੇਵਾਲਾ, ਸਤਨਾਮ ਸਿੰਘ ਦੌਲੇਵਾਲਾ, ਅਜੇ ਗੌਰ ਸੂਦ, ਬਲਵੀਰ ਸਿੰਘ ਪਾਧੀ, ਹਰਭਜਨ ਸਿੰਘ ਬਹੋਨਾ ਸਮੇਂ ਸੈਕੜੇ ਆਗੂ ਹਾਜ਼ਰ ਸਨ।