ਨਗਰ ਨਿਗਮ ਬੋਰਡ ਦੀ ਮੀਟਿੰਗ ’ਚ ਗੰਦੇ ਪਾਣੀ ਤੇ ਸੀਵਰੇਜ ਨੂੰ ਲੈ ਕੇ ਹੰਗਾਮਾ ਨਗਰ ਨਿਗਮ ਬੋਰਡ ਦੀ ਸੋਮਵਾਰ
Publish Date: Mon, 28 Sep 2026 05:42 PM (IST)
Updated Date: Mon, 28 Sep 2026 05:45 PM (IST)
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਅਧਿਕਾਰੀਆਂ ਨੂੰ ਘੇਰਿਆ, 50 ਮਿੰਟਾਂ ’ਚ ਹੀ ਸਮੇਟ ਦਿੱਤੀ ਮੀਟਿੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਨਗਰ ਨਿਗਮ ਬੋਰਡ ਦੀ ਸੋਮਵਾਰ ਨੂੰ ਹੋਈ ਮੀਟਿੰਗ ਦੌਰਾਨ ਸ਼ਹਿਰ ਵਿੱਚ ਗੰਦੇ ਪਾਣੀ, ਸੀਵਰੇਜ ਦੀ ਸਮੱਸਿਆ, ਵਿਕਾਸ ਕਾਰਜਾਂ ਵਿਚ ਕਥਿਤ ਪੱਖਪਾਤ ਅਤੇ ਵਾਰਡਾਂ ਦੀਆਂ ਹੋਰ ਸਮੱਸਿਆਵਾਂ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਵਿਰੋਧੀ ਧਿਰ ਨਾਲ ਸਬੰਧਤ ਕੌਂਸਲਰਾਂ ਨੇ ਅਧਿਕਾਰੀਆਂ ਕੋਲ ਆਪਣੀਆਂ ਸਮੱਸਿਆਵਾਂ ਰੱਖਦਿਆਂ ਤਿੱਖੇ ਸਵਾਲ ਕੀਤੇ। ਕੌਂਸਲਰਾਂ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਨਾ ਮਿਲਣ ਕਾਰਨ ਮੀਟਿੰਗ ਦਾ ਮਾਹੌਲ ਕਾਫ਼ੀ ਗਰਮ ਰਿਹਾ। ਇਸ ਦੌਰਾਨ ਮੀਟਿੰਗ ਨੂੰ ਕਰੀਬ 50 ਮਿੰਟਾਂ ਵਿਚ ਹੀ ਸਮਾਪਤ ਕਰ ਦਿੱਤਾ ਗਿਆ, ਜਿਸ ਦਾ ਵਿਰੋਧ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਕੀਤਾ ਗਿਆ। ਸੱਤਾ ਧਿਰ ਦੇ ਕੌਂਸਲਰਾਂ ਨੇ ਕਿਹਾ ਕਿ ਕੁਝ ਅਧਿਕਾਰੀਆਂ ਨੂੰ ਜ਼ਰੂਰੀ ਕੰਮਾਂ ਲਈ ਜਾਣਾ ਸੀ, ਜਿਸ ਕਾਰਨ ਮੀਟਿੰਗ ਸਮਾਪਤ ਕੀਤੀ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਦੇ ਕੌਂਸਲਰ ਗੋਵਰਧਨ ਪੋਪਲੀ, ਮਨਜੀਤ ਸਿੰਘ ਧਾਮੂ ਅਤੇ ਮਨਜੀਤ ਸਿੰਘ ਮਾਨ ਸਮੇਤ ਹੋਰ ਕੌਂਸਲਰਾਂ ਨੇ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ। ਸੀਨੀਅਰ ਕੌਂਸਲਰ ਗੋਵਰਧਨ ਪੋਪਲੀ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਕਈ ਥਾਵਾਂ ’ਤੇ ਲੋਕਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ ਅਤੇ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਦੇ ਬਾਵਜੂਦ ਨਗਰ ਨਿਗਮ ਵਿਚ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕੌਂਸਲਰ ਆਪਣੀ ਸਮੱਸਿਆ ਲੈ ਕੇ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ, ਜਦਕਿ ਗੈਰ-ਕੌਂਸਲਰਾਂ ਦੇ ਕਹਿਣ ’ਤੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਇਸ ਨੂੰ ਲੋਕਤੰਤਰ ਲਈ ਠੀਕ ਨਾ ਹੋਣ ਵਾਲੀ ਸਥਿਤੀ ਕਰਾਰ ਦਿੱਤਾ। ਪੋਪਲੀ ਨੇ ਮੁੱਖ ਬਾਜ਼ਾਰ ਵਿਚ ਲੋਕ ਨਿਰਮਾਣ ਵਿਭਾਗ ਦੀ ਸੜਕ ’ਤੇ ਨਗਰ ਨਿਗਮ ਵੱਲੋਂ ਕਰੀਬ 36 ਲੱਖ ਰੁਪਏ ਖਰਚ ਕੀਤੇ ਜਾਣ ’ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਜੇਕਰ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਹੈ ਤਾਂ ਇਸ ਕੰਮ ਨੂੰ ਨਗਰ ਨਿਗਮ ਵੱਲੋਂ ਕਰਵਾਉਣ ਦੀ ਬਜਾਏ ਸਬੰਧਤ ਵਿਭਾਗ ਤੋਂ ਕਰਵਾਇਆ ਜਾਣਾ ਚਾਹੀਦਾ ਹੈ। ਭਾਜਪਾ ਦੇ ਕੌਂਸਲਰ ਵਿਕੀ ਸਿਤਾਰਾ ਨੇ ਆਪਣੇ ਵਾਰਡ ਦੀ ਸਮੱਸਿਆ ਉਠਾਉਂਦਿਆਂ ਕਿਹਾ ਕਿ ਖਾਟੂ ਸ਼ਿਆਮ ਵਾਲੀ ਗਲੀ ਵਿਚ ਪੰਜ ਫੁੱਟ ਦੀ ਪਾਈਪ ਬਦਲਣ ਦਾ ਕੰਮ ਲੰਬੇ ਸਮੇਂ ਤੋਂ ਲਟਕ ਰਿਹਾ ਹੈ। ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਸਮੱਸਿਆ ਹੱਲ ਨਹੀਂ ਕੀਤੀ ਗਈ, ਜਿਸ ਕਾਰਨ ਵਾਰਡ ਵਿੱਚ ਗੰਦਾ ਪਾਣੀ ਆ ਰਿਹਾ ਹੈ। ਕੁਝ ਹੋਰ ਕੌਂਸਲਰਾਂ ਨੇ ਆਪਣੇ ਵਾਰਡਾਂ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਦੀ ਸਮੱਸਿਆ ਵੀ ਮੀਟਿੰਗ ਵਿਚ ਰੱਖੀ। 11 ਦਿਨ ਤੱਕ ਨਹੀਂ ਆਇਆ ਪਾਣੀ ਕੌਂਸਲਰ ਮਨਜੀਤ ਸਿੰਘ ਨੇ ਆਰਿਆ ਬਸਤੀ ਦੀ ਸਮੱਸਿਆ ਉਠਾਉਂਦਿਆਂ ਕਿਹਾ ਕਿ ਉੱਥੇ ਕਰੀਬ 300 ਲੋਕਾਂ ਦੀ ਆਬਾਦੀ ਹੈ ਅਤੇ ਸਿਰਫ਼ ਦੋ ਇੰਚ ਦੀ ਪਾਈਪਲਾਈਨ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪਾਈਪਲਾਈਨ ਵਿੱਚ ਲੀਕੇਜ ਹੋਣ ਕਾਰਨ ਲੋਕਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਜਬੂਰੀ ਵਿਚ ਇਹ ਪਾਣੀ ਵਰਤਣਾ ਪੈ ਰਿਹਾ ਹੈ ਅਤੇ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਨਾਲ ਸਬੰਧਤ ਕੌਂਸਲਰਾਂ ਦੇ ਵਾਰਡਾਂ ਦੇ ਕੰਮਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਨਗਰ ਨਿਗਮ ਦੀ ਪਾਈਪਲਾਈਨ ਟੁੱਟ ਜਾਣ ਕਾਰਨ 11 ਦਿਨਾਂ ਤੱਕ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਟੈਂਕਰਾਂ ਦਾ ਪ੍ਰਬੰਧ ਕਰਕੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨੀ ਪਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਇਸ ਸਥਿਤੀ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਪ੍ਰਤਾਪ ਰੋਡ ਦੇ ਕੰਮ ਨੂੰ ਲੈ ਕੇ ਵੀ ਉੱਠੇ ਸਵਾਲ ਕੌਂਸਲਰ ਡਿੰਪਲ ਅਰੋੜਾ ਨੇ ਪ੍ਰਤਾਪ ਰੋਡ ਦੇ ਚੱਲ ਰਹੇ ਕੰਮ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਿਛਲੀ ਮੀਟਿੰਗ ਦੌਰਾਨ ਵੀ ਉਨ੍ਹਾਂ ਵੱਲੋਂ ਇਸ ਕੰਮ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਵਿਧਾਇਕ ਵੱਲੋਂ ਕੰਮ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸਤੰਬਰ ਮਹੀਨੇ ਦੀ ਮੀਟਿੰਗ ਵਿਚ ਵੀ ਇਹ ਮਸਲਾ ਉਠਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਰੋਡ ਸ਼ਹਿਰ ਦਾ ਮਹੱਤਵਪੂਰਨ ਵਪਾਰਕ ਇਲਾਕਾ ਹੈ, ਜਿੱਥੇ ਵੱਡੇ ਸ਼ੋਅਰੂਮਾਂ ਅਤੇ ਵਪਾਰਕ ਅਦਾਰਿਆਂ ਦੇ ਨਾਲ ਛੋਟੇ ਰੇਹੜੀ-ਫੜ੍ਹੀ ਵਾਲੇ ਵੀ ਆਪਣਾ ਕਾਰੋਬਾਰ ਕਰਦੇ ਹਨ। ਇਸ ਦੇ ਬਾਵਜੂਦ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਇੱਥੇ ਆਖ਼ਰ ਬਣਾਇਆ ਕੀ ਜਾਣਾ ਹੈ। ਉਨ੍ਹਾਂ ਮੰਗ ਕੀਤੀ ਕਿ ਕੰਮ ਵਿਚ ਹੋ ਰਹੀ ਦੇਰੀ ਦਾ ਕਾਰਨ ਸਪੱਸ਼ਟ ਕੀਤਾ ਜਾਵੇ। ਹਰ ਕੌਂਸਲਰ ਦੀ ਸਮੱਸਿਆ ਸੁਣਨ ਦੇ ਨਿਰਦੇਸ਼ ਮੀਟਿੰਗ ਵਿਚ ਮੌਜੂਦ ਮੇਅਰ ਵਿਨੈ ਪਾਲ ਕੌਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਅਤੇ ਸੀਵਰੇਜ ਨਾਲ ਸਬੰਧਤ ਜਿਹੜੀ ਵੀ ਸਮੱਸਿਆ ਕਿਸੇ ਕੌਂਸਲਰ ਵੱਲੋਂ ਉਠਾਈ ਜਾਂਦੀ ਹੈ, ਉਸ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਕੌਂਸਲਰ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਸ ਦੇ ਵਾਰਡ ਦੇ ਲੋਕਾਂ ਦੀ ਸਮੱਸਿਆ ਨੂੰ ਸੁਣਨਾ ਅਤੇ ਉਸ ’ਤੇ ਲੋੜੀਂਦੀ ਕਾਰਵਾਈ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ।