ਨਵੀਂ ਰੇਲਵੇ ਲਾਈਨ ਦੇ ਨਿਰਮਾਣ ਲਈ ਯੂਨੀਵਰਸਲ ਹਿਊਮਨ ਰਾਈਟਸ ਐਸੋ. ਨੇ ਡਾ. ਗਰਗ ਨੂੰ ਸੌਂਪਿਆ ਮੰਗ ਪੱਤਰ ਲੋਕ ਸਭਾ ਹਲਕਾ ਫ਼ਰੀਦਕੋਟ
Publish Date: Tue, 27 Oct 2026 07:04 PM (IST)
Updated Date: Wed, 28 Oct 2026 04:05 AM (IST)
ਜਨਹਿੱਤ ਨਾਲ ਜੁੜਿਆ ਮੰਗ ਪੱਤਰ ਰੇਲ ਮੰਤਰੀ ਤੱਕ ਜਲਦ ਪਹੁੰਚਾ ਕੇ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਉਣ ਲਈ ਹਰ ਸੰਭਵ ਯਤਨ ਕਰਾਂਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਰੇਲਵੇ ਸਟੇਸ਼ਨ ਸੰਧਵਾਂ ਤੋਂ ਮੋਗਾ ਤੱਕ ਵਾਇਆ ਕੋਟਕਪੂਰਾ, ਬਾਘਾਪੁਰਾਣਾ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਰਜਿ: ਦੀ ਮੋਗਾ ਇਕਾਈ ਵੱਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਂ ਸੰਬੋਧਿਤ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਸ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਮੰਗ ਪੱਤਰ ਸੌਂਪਦਿਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਦੇਸ਼ ਅਤੇ ਪੰਜਾਬ ਵਿਚ ਰੇਲਵੇ ਨੈੱਟਵਰਕ ਦੇ ਆਧੁਨਿਕੀਕਰਨ ਅਤੇ ਵਿਸਥਾਰ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਵਿਕਾਸ ਦੀ ਲੜੀ ਤਹਿਤ ਫ਼ਰੀਦਕੋਟ ਅਤੇ ਮੋਗਾ ਇਲਾਕੇ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਨਾ ਬੇਹੱਦ ਜ਼ਰੂਰੀ ਹੈ। ਨੁਮਾਇੰਦਿਆਂ ਨੇ ਦੱਸਿਆ ਕਿ ਸੰਧਵਾਂ ਤੋਂ ਮੋਗਾ ਤੱਕ ਵਾਇਆ ਕੋਟਕਪੂਰਾ ਅਤੇ ਬਾਘਾਪੁਰਾਣਾ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਦੀ ਮੰਗ ਇਲਾਕੇ ਦੇ ਲੋਕ ਨੁਮਾਇੰਦਿਆਂ ਵੱਲੋਂ ਵੱਖ-ਵੱਖ ਪੱਧਰਾਂ ’ਤੇ ਉਠਾਈ ਜਾਂਦੀ ਰਹੀ ਹੈ। ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲਵੇ ਮੰਤਰਾਲੇ ਰਾਹੀਂ ਮਾਰਚ 2017 ਵਿਚ ਇਸ ਦਾ ਵਿਸਤ੍ਰਿਤ ਅਨੁਮਾਨ ਵੀ ਤਿਆਰ ਕਰਵਾਇਆ ਸੀ। ਪ੍ਰਸਤਾਵਿਤ ਰੇਲਵੇ ਲਾਈਨ ਦੀ ਗੇਜ 1676 ਮਿਲੀਮੀਟਰ ਬ੍ਰੌਡ ਗੇਜ ਅਤੇ ਅਨੁਮਾਨਿਤ ਲੰਬਾਈ ਲਗਭਗ 51.5 ਕਿਲੋਮੀਟਰ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਨਾਲ ਮੋਗਾ, ਬਾਘਾਪੁਰਾਣਾ, ਕੋਟਕਪੂਰਾ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਤੇ ਕਸਬਿਆਂ ਦੇ ਲੱਖਾਂ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਡਾ. ਸੀਮਾਂਤ ਗਰਗ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਹਿੱਤ ਵਾਲੇ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਉਣ ਅਤੇ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਕੋਲ ਇਹ ਮਾਮਲਾ ਪਹਿਲ ਦੇ ਆਧਾਰ ’ਤੇ ਉਠਾਉਣ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਭਾਜਪਾ ਪੰਜਾਬ ਮੈਡੀਕਲ ਸੈੱਲ ਦੇ ਪ੍ਰਧਾਨ ਡਾ. ਸੀਮਾਂਤ ਗਰਗ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਜਨਹਿੱਤ ਨਾਲ ਜੁੜੇ ਅਹਿਮ ਮੰਗ ਪੱਤਰ ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸਬੰਧਤ ਕੇਂਦਰੀ ਆਗੂਆਂ ਤੱਕ ਜਲਦ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਰਜਿ:, ਸਿਵਲ ਸੋਸਾਇਟੀ ਮੋਗਾ, ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਰਜਿ: ਮੋਗਾ, ਭਾਰਤ ਵਿਕਾਸ ਪਰਿਸ਼ਦ ਮੋਗਾ ਸ਼ਾਖਾ, ਰੋਟਰੀ ਕਲੱਬ ਮੋਗਾ ਸਿਟੀ, ਅਗਰਵਾਲ ਵੈਲਫੇਅਰ ਸਮਾਜ ਸਭਾ, ਰਾਮਾਇਣ ਪ੍ਰਚਾਰ ਮੰਡਲ ਮੋਗਾ, ਖੱਤਰੀ ਮਹਾਸਭਾ ਪੰਜਾਬ ਅਤੇ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਮੋਗਾ ਸਮੇਤ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਮੌਜੂਦ ਸਨ।