- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੋਗਾ ਦੇ ਸਾਬਕਾ ਸੈਨਿਕ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਦੇ ਸਾਬਕਾ ਸੈਨਿਕ ਸੰਗਠਨਾਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਬਣਾਈ ਗਈ ਸਾਬਕਾ ਸੈਨਿਕ ਸੰਯੁਕਤ ਕਮੇਟੀ, ਜ਼ਿਲ੍ਹਾ ਮੋਗਾ ਵੱਲੋਂ ਡਿਫੈਂਸ ਪੈਨਸ਼ਨਰਾਂ ਅਤੇ ਸਾਬਕਾ ਸੈਨਿਕਾਂ ਦੇ ਹੱਕਾਂ ਦੀ ਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕ ਵਿਸ਼ੇਸ਼ ਮੀਟਿੰਗ ਪੀਡਬਲਿਊਡੀ ਰੈਸਟ ਹਾਊਸ ਵਿਖੇ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਾਬਕਾ ਸੈਨਿਕ ਸੰਗਠਨਾਂ ਦੇ ਮੁਖੀਆਂ ਅਤੇ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਸਾਬਕਾ ਸੈਨਿਕਾਂ ਨਾਲ ਜੁੜੇ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਦੇ ਨੈਸ਼ਨਲ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੂਬੇਦਾਰ ਮੇਜਰ ਤਰਸੇਮ ਸਿੰਘ, ਐਕਸ ਸਰਵਿਸਮੈਨ ਲੀਗ ਰਜਿ: ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਪ੍ਰਤਾਪ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਬਾਘਾਪੁਰਾਣਾ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਸੁਖਾਨੰਦ ਦੇ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਸੇਖਾ ਕਲਾਂ ਦੇ ਪ੍ਰਧਾਨ ਹਵਾਲਦਾਰ ਸੁਖਦੇਵ ਸਿੰਘ, ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਮਾਣੂੰਕੇ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਅਤੇ ਹਵਾਲਦਾਰ ਲਾਲ ਸਿੰਘ ਸਮੇਤ ਹੋਰ ਪ੍ਰਮੁੱਖ ਸਾਬਕਾ ਸੈਨਿਕਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਸੂਬੇਦਾਰ ਜਗਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਗਈ। ਉਨ੍ਹਾਂ ਹਾਜ਼ਰ ਮੈਂਬਰਾਂ ਦਾ ਸਮੇਂ ਸਿਰ ਪਹੁੰਚਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਏਕਤਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਹ ਏਕਤਾ ਹੀ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਨੂੰ ਯਕੀਨੀ ਬਣਾਏਗੀ। ਇਸ ਮੌਕੇ ਕੈਪਟਨ ਸੁਭਾਸ਼ ਚੰਦਰ ਸ਼ਰਮਾ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਦਾ ਵੇਰਵਾ ਪੇਸ਼ ਕੀਤਾ ਅਤੇ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸੁਝਾਵਾਂ ’ਤੇ ਵਿਸਥਾਰ ਨਾਲ ਚਰਚਾ ਉਪਰੰਤ ਕਈ ਅਹਿਮ ਫ਼ੈਸਲੇ ਸਰਵਸੰਮਤੀ ਨਾਲ ਲਏ ਗਏ। ਨੈਸ਼ਨਲ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ ਨੇ ਮੋਗਾ ਸ਼ਹਿਰ ਵਿੱਚ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਮਾੜੀ ਹਾਲਤ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਡਿਫੈਂਸ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਹਰ ਹਾਲਤ ਵਿਚ ਪੂਰਾ ਕਰਵਾਉਣ ਲਈ ਸੰਯੁਕਤ ਕਮੇਟੀ ਵਚਨਬੱਧ ਹੈ। ਕੈਪਟਨ ਸੁਭਾਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਾਪਤ ਹੋਏ ਸਾਰੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਰਵਸੰਮਤੀ ਨਾਲ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਸੰਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਾਬਕਾ ਸੈਨਿਕਾਂ ਦੇ ਮੁੱਦੇ ਉਠਾਏ ਜਾਣਗੇ। ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।