ਦੋ ਰੋਜ਼ਾ ਆਫ਼ਤ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਕਰਵਾਇਆ ਡੀਸੀ ਮੋਗਾ ਸਾਗਰ ਸੇਤੀਆ
Publish Date: Fri, 24 Jul 2026 06:56 PM (IST)
Updated Date: Fri, 24 Jul 2026 06:58 PM (IST)
- ਹੜ੍ਹ ਤੋਂ ਬਚਾਅ ਸਬੰਧੀ ਕਰਵਾਇਆ ਪ੍ਰੋਗਰਾਮ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਦੀ ਪ੍ਰੇਰਨਾ ਅਤੇ ਮਾਰਗਦਰਸ਼ਨ ਹੇਠ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਮੋਗਾ ਵੱਲੋਂ ਐੱਨਡੀਆਰਐੱਫ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਆਪਦਾ ਮਿੱਤਰ/ਕਮਿਊਨਿਟੀ ਵਲੰਟੀਅਰਾਂ ਲਈ ਆਫ਼ਤ ਪ੍ਰਬੰਧਨ ਖ਼ਾਸ ਕਰ ਕੇ ਹੜ੍ਹ ਤੋਂ ਬਚਾਅ ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਡੀਸੀ ਸਾਗਰ ਸੇਤੀਆ ਨੇ ਦੱਸਿਆ ਕਿ ਆਪਦਾ ਮਿੱਤਰਾ ਦੀ ਭੂਮਿਕਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਭਵਿੱਖ ਵਿਚ ਕਿਸੇ ਵੀ ਐਮਰਜੈਂਸੀ ਜਾਂ ਆਫ਼ਤ ਦੀ ਸਥਿਤੀ ਦੌਰਾਨ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀ ਮਦਦ ਕਰਨ ਅਤੇ ਆਪਣੇ-ਆਪਣੇ ਇਲਾਕਿਆਂ ਦੇ ਪਰਿਵਾਰਾਂ ਅਤੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਕਿਸੇ ਵੀ ਆਫ਼ਤ ਦੀ ਸਥਿਤੀ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਤਿਆਰ ਕਰਨਾ ਹੈ। ਜ਼ਿਲ੍ਹਾ ਮਾਲ ਅਫ਼ਸਰ ਮੋਗਾ ਮਨਿੰਦਰ ਸਿੰਘ ਨੇ ਭਾਗੀਦਾਰਾਂ ਨੂੰ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਦੇ ਖ਼ਤਰੇ ਨੂੰ ਘਟਾਉਣ ਲਈ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਅਤੇ ਰੋਜ਼ਾਨਾ ਜੀਵਨ ਵਿਚ ਸੁਰੱਖਿਅਤ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਆਪਣੇ ਤਜਰਬੇ ਵੀ ਸਾਂਝੇ ਕੀਤੇ। ਐੱਨਡੀਆਰਐੱਫ ਦੇ ਇੰਸਪੈਕਟਰ ਨਿਤਿਨ ਕੁਮਾਰ ਨੇ ਆਫ਼ਤਾਂ ਦੌਰਾਨ ਅਪਣਾਈਆਂ ਜਾਣ ਵਾਲੀਆਂ ਸੁਰੱਖਿਆ ਸਾਵਧਾਨੀਆਂ ਅਤੇ ਜਨਤਾ ਲਈ ਲੋੜੀਂਦੇ ਸੁਰੱਖਿਆ ਸੁਝਾਅ ਸਾਂਝੇ ਕੀਤੇ। ਐੱਨਡੀਆਰਐੱਫ ਦੀ ਟੀਮ ਵੱਲੋਂ ਸੀਪੀਆਰ ਅਤੇ ਡਰਾਪ, ਕਵਰ ਐਂਡ ਹੋਲਡ ਡ੍ਰਿਲ ਦਾ ਪ੍ਰੈਕਟੀਕਲ ਡੈਮੋ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਘਰੇਲੂ ਬੇਕਾਰ ਸਮੱਗਰੀ ਅਤੇ ਸਥਾਨਕ ਸਰੋਤਾਂ ਦੀ ਵਰਤੋਂ ਕਰਕੇ ਹੜ੍ਹ ਵਰਗੀਆਂ ਸਥਿਤੀਆਂ ਵਿਚ ਸੁਰੱਖਿਆ ਲਈ ਲਾਭਦਾਇਕ ਮਾਡਲ ਤਿਆਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਸਿਖਲਾਈ ਦੇ ਹਿੱਸੇ ਵਜੋਂ ਧਰਮਕੋਟ ਦੇ ਢੋਲੇਵਾਲਾ ਰੋਡ ਸਥਿਤ ਸਿੱਧਵਾਂ ਨਹਿਰ ਵਿਖੇ ਸਾਰੇ ਭਾਗੀਦਾਰਾਂ ਲਈ ਬੋਟਮੈਨ ਟ੍ਰੇਨਿੰਗ ਦਾ ਪ੍ਰੈਕਟੀਕਲ ਸੈਸ਼ਨ ਵੀ ਕਰਵਾਇਆ ਗਿਆ। ਇਹ ਸੈਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨਵਰਧਕ ਸਾਬਤ ਹੋਇਆ, ਜਿਸ ਰਾਹੀਂ ਵਲੰਟੀਅਰਾਂ ਨੇ ਬਚਾਅ ਕਾਰਜਾਂ ਸਬੰਧੀ ਅਹਿਮ ਜਾਣਕਾਰੀ ਅਤੇ ਵਿਹਾਰਕ ਤਜਰਬਾ ਹਾਸਲ ਕੀਤਾ। ਇਸ ਮੌਕੇ ਜਸਪਾਲ ਸਿੰਘ ਐੱਨਟੀ ਧਰਮਕੋਟ ਅਤੇ ਉਨ੍ਹਾਂ ਦੀ ਟੀਮ ਨੇ ਵੀ ਬੋਟਮੈਨ ਟ੍ਰੇਨਿੰਗ ਦੇ ਪ੍ਰੈਕਟੀਕਲ ਸੈਸ਼ਨ ਵਿਚ ਸ਼ਮੂਲੀਅਤ ਕੀਤੀ ਅਤੇ ਭਾਗੀਦਾਰਾਂ ਲਈ ਚਾਹ, ਪਾਣੀ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ। ਐੱਸਕੇ ਬਾਂਸਲ ਅਤੇ ਐੱਨਜੀਓ ਦੇ ਨੁਮਾਇੰਦਿਆਂ ਨੇ ਭਾਗੀਦਾਰਾਂ ਨੂੰ ਭਵਿੱਖ ਵਿੱਚ ਕਿਸੇ ਵੀ ਆਫ਼ਤ ਦੀ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਨ ਲਈ ਸਰਗਰਮ ਭਾਗੀਦਾਰੀ ਅਤੇ ਤਿਆਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਸਿਖਲਾਈ ਪ੍ਰੋਗਰਾਮ ਦਾ ਸਫ਼ਲ ਆਯੋਜਨ ਵਿਚ ਰਾਮ ਚੰਦਰ ਕਨਸਲਟੈਂਟ ਡੀਡੀਐੱਮਏ ਮੋਗਾ ਦੀ ਅਹਿਮ ਭੂਮਿਕਾ ਰਹੀ।