- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਪਿੰਡ ਦੁੱਨੇਕੇ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਸਥਾਨਕ ਪਿੰਡ ਦੁੱਨੇਕੇ ਵਿਚ ਸ਼ੁਰੂ ਕੀਤੀਆਂ ਗਈਆਂ ਆਯੂਰਵੇਦ ਅਤੇ ਹੋਮਿਓਪੈਥੀ ਡਿਸਪੈਂਸਰੀਆਂ ਦੀ ਹਾਲਤ ਐਸੀ ਬਣੀ ਹੋਈ ਹੈ ਕਿ ਇਨ੍ਹਾਂ ਨੂੰ ਖੁਦ ਸਰਕਾਰ ਦੇ ਇਲਾਜ਼ ਦੀ ਲੋੜ ਪਈ ਹੋਈ ਹੈ। ਜਿਹੜੀਆਂ ਡਿਸਪੈਂਸਰੀਆਂ ਪਿੰਡਾਂ ਦੇ ਲੋਕਾਂ ਨੂੰ ਸਸਤਾ ਅਤੇ ਸੌਖਾ ਇਲਾਜ਼ ਮੁਹੱਈਆ ਕਰਵਾਉਣ ਲਈ ਬਣਾਈਆਂ ਗਈਆਂ ਸਨ, ਉਥੇ ਅੱਜ ਸਟਾਫ਼ ਅਤੇ ਬੁਨਿਆਦੀ ਸਹੂਲਤਾਂ ਦੀ ਭਾਰੀ ਕਮੀ ਨਜ਼ਰ ਆ ਰਹੀ ਹੈ। ਸੂਤਰਾਂ ਤੋਂ ਮਿਲੀ ਅਨੁਸਾਰ ਇਕ ਆਯੂਰਵੇਦਿਕ ਡਿਸਪੈਂਸਰੀ ਵਿਚ ਆਮ ਤੌਰ ’ਤੇ ਇਕ ਡਾਕਟਰ, ਇਕ ਫਾਰਮਾਸਿਸਟ ਅਤੇ ਇਕ ਚੌਥੀ ਸ਼੍ਰੇਣੀ ਦਾ ਕਰਮਚਾਰੀ ਤਾਇਨਾਤ ਹੋਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਢੰਗ ਨਾਲ ਇਲਾਜ਼ ਮਿਲ ਸਕੇ। ਪਰ ਦੁੱਨੇਕੇ ਦੀ ਆਯੂਰਵੇਦਿਕ ਡਿਸਪੈਂਸਰੀ ਵਿਚ ਸਿਰਫ਼ ਇਕ ਡਾਕਟਰ ਹੀ ਤਾਇਨਾਤ ਹੈ। ਉਹੀ ਮਰੀਜ਼ ਦੀ ਜਾਂਚ ਕਰਦਾ ਹੈ, ਉਹੀ ਪਰਚੀ ਲਿਖਦਾ ਹੈ ਅਤੇ ਫਿਰ ਦੂਜੇ ਕਮਰੇ ਵਿਚ ਜਾ ਕੇ ਦਵਾਈ ਇਕੱਠੀ ਕਰਕੇ ਮਰੀਜ਼ ਨੂੰ ਦਿੰਦਾ ਹੈ। ਇਸ ਤਰ੍ਹਾਂ ਇੱਕੋ ਵਿਅਕਤੀ ਸਾਰੇ ਕੰਮ ਨਿਭਾਉਣ ਕਾਰਨ ਇਲਾਜ਼ ਦੀ ਪ੍ਰਕਿਰਿਆ ਲੰਬੀ ਖਿੱਚ ਜਾਂਦੀ ਹੈ ਅਤੇ ਕਈ ਵਾਰ ਮਰੀਜ਼ਾਂ ਨੂੰ ਬੇਵਜ੍ਹਾ ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਇੱਥੇ ਤਾਇਨਾਤ ਫ਼ਾਰਮਾਸਿਸਟ ਸਿਰਫ਼ ਸ਼ਨਿੱਚਰਵਾਰ ਦੇ ਦਿਨ ਹੀ ਡਿਊਟੀ ਕਰਨ ਆਉਂਦਾ ਹੈ। ਬਾਕੀ ਦਿਨਾਂ ਉਸ ਨੂੰ ਸਿਹਤ ਵਿਭਾਗ ਦੇ ਦਫ਼ਤਰ ਵਿਚ ਲਿਖ਼ਤੀ ਕੰਮ ਲਈ ਲਾਇਆ ਜਾਂਦਾ ਹੈ। ਫ਼ਾਰਮਾਸਿਸਟ ਦੇ ਦਫ਼ਤਰੀ ਕੰਮਾਂ ਵਿਚ ਲੱਗੇ ਰਹਿਣ ਨਾਲ ਡਿਸਪੈਂਸਰੀ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਮਰੀਜ਼ਾਂ ਨੂੰ ਦਵਾਈ ਮਿਲਣ ਵਿਚ ਵੀ ਦੇਰੀ ਹੁੰਦੀ ਹੈ। ਕਰੀਬ ਇਨ੍ਹਾਂ ਹੀ ਹਾਲਾਤ ਹੋਮਿਓਪੈਥੀ ਡਿਸਪੈਂਸਰੀ ਦੇ ਵੀ ਹਨ। ਇੱਥੇ ਵੀ ਸਿਰਫ਼ ਇਕ ਹੀ ਡਾਕਟਰ ਤਾਇਨਾਤ ਹੈ ਜੋ ਪਹਿਲਾਂ ਮਰੀਜ਼ ਨੂੰ ਵੇਖਦਾ ਹੈ ਅਤੇ ਫਿਰ ਉਸ ਲਈ ਦਵਾਈ ਤਿਆਰ ਕਰਕੇ ਦਿੰਦਾ ਹੈ। ਇਹ ਡਿਸਪੈਂਸਰੀ ਪਹਿਲਾਂ ਮਨਜ਼ੂਰਸ਼ੁਦਾ ਨਹੀਂ ਸੀ ਪਰ ਬਾਅਦ ਵਿਚ ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਇਕ ਚਿਕਿਤਸਿਕ ਤਾਇਨਾਤ ਕਰਕੇ ਇਸ ਦੀ ਸ਼ੁਰੂਆਤ ਕੀਤੀ ਸੀ। ਆਮ ਤੌਰ ’ਤੇ ਆਯੂਰਵੇਦਿਕ ਡਿਸਪੈਂਸਰੀ ਵਿਚ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਰਹਿੰਦੀ ਹੈ ਜਦਕਿ ਹੋਮਿਓਪੈਥੀ ਵਿਚ ਮਰੀਜ਼ ਘੱਟ ਪਹੁੰਚਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਾਣਕਾਰੀ ਦੀ ਘਾਟ ਅਤੇ ਪ੍ਰਚਾਰ ਦੀ ਕਮੀ ਕਾਰਨ ਵੀ ਬਹੁਤੇ ਮਰੀਜ਼ ਹੋਮਿਓਪੈਥੀ ਡਿਸਪੈਂਸਰੀ ਤੱਕ ਇਲਾਜ਼ ਲਈ ਨਹੀਂ ਆ ਪਾਉਂਦੇ। ਪਿੰਡ ਵਾਸੀਆਂ ਅਤੇ ਮਰੀਜ਼ਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁੱਨੇਕੇ ਦੀਆਂ ਦੋਵਾਂ ਡਿਸਪੈਂਸਰੀਆਂ ਵਿਚ ਤੁਰੰਤ ਪੂਰਾ ਸਟਾਫ਼ ਤਾਇਨਾਤ ਕੀਤਾ ਜਾਵੇ ਅਤੇ ਨਿਯਮਤ ਤੌਰ ’ਤੇ ਦਵਾਈਆਂ ਦੀ ਸਪਲਾਈ ਭੇਜੀ ਜਾਵੇ ਤਾਂ ਜੋ ਪਿੰਡ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਬਿਨ੍ਹਾਂ ਦਿੱਕਤ ਦੇ ਸਿਹਤ ਸਹੂਲਤਾਂ ਮਿਲ ਸਕਣ।