ਐੱਨਸੀਸੀ ਕੈਡਿਟਾਂ ਤੇ ਮਾਈ ਭਾਰਤ ਵਲੰਟੀਅਰਜ਼ ਨੂੰ ਟੀਬੀ ਸਬੰਧੀ ਸਿਖਲਾਈ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ
Publish Date: Tue, 22 Sep 2026 04:07 PM (IST)
Updated Date: Wed, 23 Sep 2026 04:00 AM (IST)
ਟੀਬੀ ਦੇ ਲੱਛਣਾਂ ਦੀ ਪਛਾਣ, ਸਮੇਂ ਸਿਰ ਜਾਂਚ ਤੇ ਇਲਾਜ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਦਿੱਤਾ ਸੱਦਾ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਹਸਪਤਾਲ ਮੋਗਾ ਵਿਖੇ ਐੱਨਸੀਸੀ ਕੈਡਿਟਾਂ ਅਤੇ ਮਾਈ ਭਾਰਤ ਵਲੰਟੀਅਰਜ਼ ਲਈ ਟੀਬੀ ਦੀ ਸਕ੍ਰੀਨਿੰਗ, ਰੋਕਥਾਮ, ਜਾਂਚ ਅਤੇ ਇਲਾਜ ਸਬੰਧੀ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਹ ਸਿਖਲਾਈ ਨੈਸ਼ਨਲ ਟਿਊਬਰਕੁਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ, ਇੰਪੈਕਟ ਇੰਡੀਆ ਪ੍ਰੋਜੈਕਟ ਅਤੇ ਟੀਬੀ ਅਲਰਟ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਗਈ। ਇਹ ਸਿਖਲਾਈ ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਅਤੇ ਐੱਮਓ ਡੀਟੀਸੀ ਮੋਗਾ ਡਾ. ਜਸਜੀਤ ਕੌਰ ਗਿੱਲ ਦੇ ਮਾਰਗਦਰਸ਼ਨ ਹੇਠ ਕਰਵਾਈ ਗਈ। ਸਿਖਲਾਈ ਦੌਰਾਨ ਡਾ. ਜਸਜੀਤ ਕੌਰ ਗਿੱਲ ਨੇ ਐੱਨਸੀਸੀ ਕੈਡਿਟਾਂ ਅਤੇ ਮਾਈ ਭਾਰਤ ਵਲੰਟੀਅਰਜ਼ ਨੂੰ ਟੀਬੀ ਦੇ ਲੱਛਣਾਂ, ਸਕ੍ਰੀਨਿੰਗ, ਜਾਂਚ, ਰੋਕਥਾਮ ਅਤੇ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟੀਬੀ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਕੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸੰਪਰਕ ਜਾਂਚ ਅਤੇ ਇਲਾਜ ਨੂੰ ਨਿਰੰਤਰ ਜਾਰੀ ਰੱਖਣ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ। ਇਸ ਤੋਂ ਇਲਾਵਾ ਪਲਮਨਰੀ ਟੀਬੀ ਅਤੇ ਐਕਸਟਰਾ-ਪਲਮਨਰੀ ਟੀਬੀ ਸਬੰਧੀ ਜਾਣਕਾਰੀ ਦਿੰਦਿਆਂ ਸਮੇਂ ਸਿਰ ਇਲਾਜ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਟੀਬੀ ਅਲਰਟ ਇੰਡੀਆ ਅਤੇ ਇੰਪੈਕਟ ਇੰਡੀਆ ਪ੍ਰੋਜੈਕਟ ਦੇ ਜ਼ਿਲ੍ਹਾ ਲੀਡ ਮੋਗਾ ਸੁਧੀਰ ਸਿੰਘ ਨੇ ਭਾਗੀਦਾਰਾਂ ਨੂੰ ਟੀਬੀ ਮੁਕਤ ਪੰਚਾਇਤ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨਸੀਸੀ ਕੈਡਿਟ ਅਤੇ ਮਾਈ ਭਾਰਤ ਵਲੰਟੀਅਰਜ਼ ਲੋਕਾਂ ਤੱਕ ਟੀਬੀ ਸਬੰਧੀ ਸਹੀ ਜਾਣਕਾਰੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਲੰਟੀਅਰਜ਼ ਨੂੰ ਟੀਬੀ ਦੇ ਸੰਭਾਵਿਤ ਲੱਛਣਾਂ ਵਾਲੇ ਵਿਅਕਤੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਸਮੇਂ ਸਿਰ ਜਾਂਚ ਲਈ ਪ੍ਰੇਰਿਤ ਕਰਨ ਅਤੇ ਟੀਬੀ ਨਾਲ ਜੁੜੇ ਸਮਾਜਿਕ ਕਲੰਕ ਨੂੰ ਘਟਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ। ਸਿਖਲਾਈ ਦੌਰਾਨ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਅਤੇ ਜ਼ਿਲ੍ਹਾ ਟੀਬੀ ਅਫਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਨੇ ਵੀ ਐਨਸੀਸੀ ਕੈਡਿਟਾਂ ਅਤੇ ਮਾਈ ਭਾਰਤ ਵਲੰਟੀਅਰਜ਼ ਨਾਲ ਗੱਲਬਾਤ ਕੀਤੀ। ਇਸ ਮੌਕੇ ਟੀਬੀ ਦੀ ਰੋਕਥਾਮ, ਸਕ੍ਰੀਨਿੰਗ, ਜਾਂਚ, ਇਲਾਜ ਅਤੇ ਭਾਈਚਾਰਕ ਭਾਗੀਦਾਰੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਕੈਡਿਟਾਂ ਅਤੇ ਵਲੰਟੀਅਰਜ਼ ਨੇ ਟੀਬੀ ਦੇ ਲੱਛਣਾਂ, ਜਾਂਚ, ਇਲਾਜ ਅਤੇ ਰੋਕਥਾਮ ਸਬੰਧੀ ਵੱਖ-ਵੱਖ ਸਵਾਲ ਪੁੱਛੇ। ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦਿੱਤੇ ਗਏ ਅਤੇ ਟੀਬੀ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਜਾਣਕਾਰੀ ਦਿੱਤੀ ਗਈ।