ਆਫ਼ਤ ਪ੍ਰਬੰਧਨ ਲਈ ਸਿਖਲਾਈ ਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ : ਡੀਸੀ ਡੀਸੀ ਮੋਗਾ ਸਾਗਰ ਸੇਤੀਆ ਦੀ ਅਗਵਾਈ
Publish Date: Wed, 22 Jul 2026 04:05 PM (IST)
Updated Date: Thu, 23 Jul 2026 04:01 AM (IST)
ਐੱਨਡੀਆਰਐੱਫ ਵੱਲੋਂ ਆਪਦਾ ਮਿੱਤਰਾ, ਕਮਿਊਨਿਟੀ ਵਲੰਟੀਅਰਾਂ ਤੇ ਪਟਵਾਰੀਆਂ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਡੀਸੀ ਮੋਗਾ ਸਾਗਰ ਸੇਤੀਆ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਐੱਨਡੀਆਰਐੱਫ ਦੇ ਸਹਿਯੋਗ ਨਾਲ ਆਪਦਾ ਮਿੱਤਰਾ, ਕਮਿਊਨਿਟੀ ਵਲੰਟੀਅਰਾਂ ਅਤੇ ਪਟਵਾਰੀਆਂ ਲਈ ਆਫ਼ਤ ਪ੍ਰਬੰਧਨ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਦਾ ਉਦੇਸ਼ ਕੁਦਰਤੀ ਅਤੇ ਹੋਰ ਆਫ਼ਤਾਂ ਦੌਰਾਨ ਸਥਾਨਕ ਪੱਧਰ ਤੇ ਤੁਰੰਤ ਅਤੇ ਪ੍ਰਭਾਵਸ਼ਾਲੀ ਬਚਾਅ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਭਾਗੀਦਾਰਾਂ ਦੀ ਸਮਰੱਥਾ ਵਿਚ ਵਾਧਾ ਕਰਨਾ ਸੀ। ਇਸ ਮੌਕੇ ਡੀਸੀ ਸਾਗਰ ਸੇਤੀਆ ਨੇ ਕਿਹਾ ਕਿ ਆਫ਼ਤਾਂ ਦੇ ਸਮੇਂ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸਥਾਨਕ ਭਾਈਚਾਰੇ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਆਪਦਾ ਮਿੱਤਰ, ਕਮਿਊਨਿਟੀ ਵਲੰਟੀਅਰ ਅਤੇ ਪਟਵਾਰੀ ਅਜਿਹੇ ਸਮੇਂ ਲੋਕਾਂ ਦੀ ਸੁਰੱਖਿਆ, ਰਾਹਤ ਅਤੇ ਬਚਾਅ ਕਾਰਜਾਂ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹੀ ਸਿਖਲਾਈ ਅਤੇ ਆਪਸੀ ਤਾਲਮੇਲ ਨਾਲ ਕਿਸੇ ਵੀ ਆਫ਼ਤ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਡੀਸੀ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਤੋਂ ਪ੍ਰਾਪਤ ਗਿਆਨ ਨੂੰ ਆਪਣੇ-ਆਪਣੇ ਖੇਤਰਾਂ ਵਿਚ ਵਰਤਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ, ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਹਰ ਨਾਗਰਿਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕੇ। ਐੱਨਡੀਆਰਐੱਫ. ਦੇ ਮਾਹਿਰਾਂ ਨੇ ਸਿਖਲਾਈ ਦੌਰਾਨ ਹੜ੍ਹ, ਭੂਚਾਲ, ਅੱਗ, ਇਮਾਰਤ ਡਿੱਗਣ, ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਸੀਪੀਆਰ ਸੁਰੱਖਿਅਤ ਨਿਕਾਸੀ, ਰੱਸੀ ਰਾਹੀਂ ਬਚਾਅ ਤਕਨੀਕਾਂ, ਐਮਰਜੈਂਸੀ ਸੰਚਾਰ ਪ੍ਰਬੰਧਨ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਐੱਨਡੀਆਰਐੱਫ ਦੇ ਅਧਿਕਾਰੀਆਂ ਨੇ ਕਿਹਾ ਕਿ ਆਫ਼ਤ ਦੇ ਸਮੇਂ ਪਹਿਲੇ ਕੁਝ ਮਿੰਟ ਅਤੇ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ। ਜੇਕਰ ਸਥਾਨਕ ਪੱਧਰ ਤੇ ਸਿਖਲਾਈ ਪ੍ਰਾਪਤ ਟੀਮਾਂ ਤੁਰੰਤ ਕਾਰਵਾਈ ਕਰਨ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਐੱਨਡੀਆਰਐੱਫ ਦੇ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀ, ਆਪਦਾ ਮਿੱਤਰ, ਕਮਿਊਨਿਟੀ ਵਲੰਟੀਅਰ, ਪਟਵਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।