ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਮੋਗਾ ਕੱਢੇ ਟਰੈਕਟਰ ਮਾਰਚ
ਭਾਕਿਯੂ ਏਕਤਾ ਉਗਰਾਹਾਂ ਵੱਲੋਂ ਬਲਾਕ ਮੋਗਾ
Publish Date: Tue, 27 Jan 2026 05:32 PM (IST)
Updated Date: Wed, 28 Jan 2026 04:04 AM (IST)
ਵਕੀਲ ਮਹਿਰੋਂ , ਪੰਜਾਬੀ ਜਾਗਰਣ
ਮੋਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਦੋ ਵੱਲੋਂ 26 ਜਨਵਰੀ ਨੂੰ ਪਿੰਡਾਂ ਅੰਦਰ ਟਰੈਕਟਰ ਮਾਰਚ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ। ਇਹ ਟਰੈਕਟਰ ਮਾਰਚ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਅਤੇ ਜਸਵਿੰਦਰ ਸਿੰਘ ਘੱਲਕਲਾਂ ਦੀ ਅਗਵਾਈ ਹੇਠ ਕੀਤਾ ਗਿਆ। ਇਹ ਟਰੈਕਟਰ ਮਾਰਚ ਪਿੰਡ ਵੱਡਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਕੋਰੇਵਾਲਾ, ਡਰੋਲੀ ਭਾਈ, ਘੱਲਕਲਾਂ, ਬੁੱਕਣਵਾਲਾ ਅਤੇ ਸਿੰਘਾਂਵਾਲਾ ਸਮੇਤ ਕਈ ਪਿੰਡਾਂ ’ਚੋਂ ਲੰਘਿਆ। ਮਾਰਚ ਦੌਰਾਨ ਕਿਸਾਨਾਂ ਨੇ ਟਰੈਕਟਰਾਂ ’ਤੇ ਝੰਡੇ ਲਹਿਰਾਉਂਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਉਭਾਰਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਮਾਰਚ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ 2025, ਬੀਜ਼ ਸੋਧ ਬਿੱਲ 2025, ਕਿਰਤ ਕੋਡ ਅਤੇ ਮਨਰੇਗਾ ਦੀ ਥਾਂ ’ਤੇ ਲਿਆਂਦੇ ਗਏ ਜੀ ਰਾਮ ਜੀ ਕਾਨੂੰਨ ਦੇ ਖ਼ਿਲਾਫ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ 2025 ਪਾਸ ਹੋ ਜਾਂਦਾ ਹੈ ਤਾਂ ਬਿਜਲੀ ਉੱਤੇ ਮਿਲ ਰਹੀਆਂ ਸਾਰੀਆਂ ਸਬਸਿਡੀਆਂ ਖ਼ਤਮ ਹੋ ਜਾਣਗੀਆਂ। ਇਸ ਨਾਲ ਬਿਜ਼ਲੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਬਿਜਲੀ ਬੋਰਡਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਬੀਜ਼ ਸੋਧ ਬਿੱਲ 2025 ਪਾਸ ਹੋਣ ਨਾਲ ਖੇਤੀ ਨਾਲ ਸੰਬੰਧਿਤ ਬੀਜ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਤੇ ਖੇਤੀ ਧੰਦੇ ’ਤੇ ਹੌਲੀ-ਹੌਲੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮਨਰੇਗਾ ਦੀ ਥਾਂ ’ਤੇ ਜੋ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ । ਉਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖੋਹਿਆ ਜਾਵੇਗਾ ਅਤੇ ਬੇਰੁਜ਼ਗਾਰੀ ਵਿਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਸਾਰੇ ਸਰਕਾਰੀ ਅਦਾਰਿਆਂ ਨੂੰ ਵੇਚਣ ਦੇ ਰਾਹ ’ਤੇ ਤੁਰ ਪਈ ਹੈ ਜੋ ਕਿ ਲੋਕ ਵਿਰੋਧੀ ਕਦਮ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰੀ ਅਦਾਰੇ ਵੇਚਣੇ ਤੁਰੰਤ ਬੰਦ ਕੀਤੇ ਜਾਣ ਅਤੇ ਲੋਕ ਹਿਤਾਂ ਦੀ ਰੱਖਿਆ ਕੀਤੀ ਜਾਵੇ। ਅੱਜ ਦੇ ਟਰੈਕਟਰ ਮਾਰਚ ਵਿਚ ਕਿਸਾਨ ਆਗੂ ਹਰਸਿਮਰਨਜੀਤ ਸਿੰਘ, ਗੁਰਮਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਾਬੂ ਸਿੰਘ, ਗੁਰਜੰਟ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਅੰਗਰੇਜ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਗਿੰਦਰ ਸਿੰਘ, ਮਹਿੰਦਰ ਲਾਲ ਸਮੇਤ ਹੋਰ ਬਹੁਤ ਸਾਰੇ ਕਿਸਾਨ ਅਤੇ ਵਰਕਰ ਸ਼ਾਮਿਲ ਹੋਏ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਵਾਪਿਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।