- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰਾਧਾ ਕ੍ਰਿਸ਼ਨ ਮੰਦਰ, ਫਤਿਹਗੜ੍ਹ ਪੰਜਤੂਰ ਵਿਚ ਤਿੰਨ ਦਿਨਾਂ ਦੀ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਦਿਵਿਆ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਮੀਮਾਂਸਾ ਭਾਰਤੀ ਨੇ ਭਗਤਾਂ ਨੂੰ ਮਾਂ ਸਤੀ ਦਾ ਭਾਵਪੂਰਨ ਪ੍ਰਸੰਗ ਸੁਣਾਇਆ। ਪ੍ਰਸੰਗ ਰਾਹੀਂ ਉਨ੍ਹਾਂ ਨੇ ਸਮਝਾਇਆ ਕਿ ਪਰਮਾਤਮਾ ਹੀ ਸਾਡੇ ਜੀਵਨ ਦਾ ਇੱਕਮਾਤਰ ਆਧਾਰ ਹਨ। ਮਨੁੱਖ ਦਾ ਜੀਵਨ ਤਦ ਹੀ ਸਾਰਥਕ ਹੋ ਸਕਦਾ ਹੈ, ਜਦੋਂ ਉਸਦਾ ਸੰਬੰਧ ਉਸ ਪਰਮ ਸੱਤਾ ਨਾਲ ਸਥਾਪਿਤ ਹੋ ਜਾਵੇ। ਸਾਧਵੀ ਨੇ ਦੱਸਿਆ ਕਿ ਪਰਮਾਤਮਾ ਬੁੱਧੀ ਦਾ ਵਿਸ਼ਾ ਨਹੀਂ ਹਨ। ਉਨ੍ਹਾਂ ਨੂੰ ਕੇਵਲ ਤਰਕ-ਵਿਤਰਕ ਅਤੇ ਬੌਧਿਕ ਗਿਆਨ ਰਾਹੀਂ ਨਾ ਤਾਂ ਜਾਣਿਆ ਜਾ ਸਕਦਾ ਹੈ ਅਤੇ ਨਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਦੀ ਅਨੁਭੂਤੀ ਲਈ ਹਿਰਦੇ ਵਿੱਚ ਸੱਚੀ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮਾਂ ਸਤੀ ਦੇ ਪ੍ਰਸੰਗ ਦੀ ਉਦਾਹਰਨ ਦਿੰਦਿਆਂ ਸਮਝਾਇਆ ਕਿ ਜਦੋਂ ਮਨੁੱਖ ਦੇ ਅੰਦਰ ਅਗਿਆਨਤਾ ਅਤੇ ਭਰਮ ਹੁੰਦਾ ਹੈ, ਤਾਂ ਉਹ ਪਰਮਾਤਮਾ ਨੂੰ ਆਪਣੇ ਸਾਹਮਣੇ ਮੌਜੂਦ ਹੋਣ ਦੇ ਬਾਵਜੂਦ ਵੀ ਪਛਾਣ ਨਹੀਂ ਸਕਦਾ। ਮਾਂ ਸਤੀ ਵੀ ਪ੍ਰਭੂ ਸ਼੍ਰੀ ਰਾਮ ਦੇ ਅਸਲ ਸਰੂਪ ਨੂੰ ਪਛਾਣਨ ਵਿਚ ਭਰਮਿਤ ਹੋ ਗਈ ਸੀ। ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਨੂੰ ਪਛਾਣਨ ਲਈ ਕੇਵਲ ਬਾਹਰੀ ਦ੍ਰਿਸ਼ਟੀ ਕਾਫ਼ੀ ਨਹੀਂ ਹੈ, ਸਗੋਂ ਦਿਵਿਆ ਦ੍ਰਿਸ਼ਟੀ ਦਾ ਹੋਣਾ ਵੀ ਜ਼ਰੂਰੀ ਹੈ। ਸਾਧਵੀ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਸੰਸਾਰ ਦੀਆਂ ਵਸਤੂਆਂ ਨੂੰ ਦੇਖਣ ਲਈ ਭੌਤਿਕ ਅੱਖ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਦੇ ਅਸਲ ਸਰੂਪ ਨੂੰ ਜਾਣਨ ਅਤੇ ਪਛਾਣਨ ਲਈ ਦਿਵਿਆ ਨੇਤਰਾਂ ਅਰਥਾਤ ਤੀਜੀ ਅੱਖ ਦੀ ਲੋੜ ਹੁੰਦੀ ਹੈ। ਜਦੋਂ ਤੱਕ ਮਨੁੱਖ ਨੂੰ ਇਹ ਦਿਵਿਆ ਦ੍ਰਿਸ਼ਟੀ ਪ੍ਰਾਪਤ ਨਹੀਂ ਹੁੰਦੀ, ਤਦ ਤੱਕ ਉਹ ਪਰਮਾਤਮਾ ਦੇ ਅਸਲ ਸਰੂਪ ਨੂੰ ਪਛਾਣ ਨਹੀਂ ਸਕਦਾ। ਅੰਤ ਵਿਚ ਸਾਧਵੀ ਨੇ ਪ੍ਰੇਰਿਤ ਕੀਤਾ ਕਿ ਜੇ ਅਸੀਂ ਵਾਸਤਵ ਵਿਚ ਉਸ ਪਰਮਾਤਮਾ ਨੂੰ ਜਾਣਨਾ ਅਤੇ ਉਨ੍ਹਾਂ ਦਾ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਜੀਵਨ ਵਿਚ ਸੱਚੀ ਸ਼ਰਧਾ, ਭਗਤੀ ਅਤੇ ਸਮਰਪਣ ਦੇ ਨਾਲ-ਨਾਲ ਬ੍ਰਹਮਗਿਆਨ ਰਾਹੀਂ ਪ੍ਰਾਪਤ ਦਿਵਿਆ ਦ੍ਰਿਸ਼ਟੀ ਦੀ ਲੋੜ ਨੂੰ ਸਮਝਣਾ ਹੋਵੇਗਾ ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਸੁਣਨ ਅਤੇ ਪੜ੍ਹਨ ਨਾਲ ਨਹੀਂ, ਸਗੋਂ ਉਨ੍ਹਾਂ ਦੇ ਅਸਲ ਸਰੂਪ ਦੀ ਅਨੁਭੂਤੀ ਨਾਲ ਹੀ ਸੰਭਵ ਹੈ।