ਨਿਹਾਲ ਸਿੰਘ ਵਾਲਾ 'ਚ ਕਾਂਗਰਸ ਦੀ ਟਿਕਟ ਲਈ ਤਿਕੋਣੀ ਦੌੜ, ਸਿਆਸੀ ਸਰਗਰਮੀਆਂ ਤੇਜ਼ ਮੋਗਾ ਜਿਲ੍ਹੇ 'ਚ ਇਕ ਅਜਿਹਾ ਰਿਜ਼ਰਵ
Publish Date: Tue, 06 Oct 2026 04:08 PM (IST)
Updated Date: Wed, 07 Oct 2026 04:03 AM (IST)
ਭੁਪਿੰਦਰ ਸਿੰਘ ਹਨੀ ਦੇ ਬੋਰਡਾਂ ਨੇ ਵੀ ਛੇੜੀ ਚਰਚਾ, ਕਾਂਗਰਸ ਦੇ ਦੋ ਦਾਅਵੇਦਾਰਾਂ ਦੇ ਸਮਾਗਮ ਬਣੇ ਕਾਂਗਰਸ ਬਨਾਮ ਕਾਂਗਰਸ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਮੋਗਾ ਜਿਲ੍ਹੇ ਚ ਇਕ ਅਜਿਹਾ ਰਿਜ਼ਰਵ ਹਲਕਾ ਨਿਹਾਲ ਸਿੰਘ ਵਾਲਾ ਹੈ, ਜਿੱਥੇ ਹਰ ਕੋਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਿਚ ਲੱਗਾ ਹੋਇਆ ਹੈ, ਕਾਂਗਰਸ ਪਾਰਟੀ ਦੇ ਇਥੋਂ ਚਾਰ ਦਾਅਵੇਦਾਰ ਹਨ। ਭਾਵੇਂ ਕਿ ਇਨ੍ਹਾਂ ਚਾਰਾਂ ਦਾਅਵੇਦਾਰਾਂ ਵਿਚੋਂ ਤਿੰਨ ਬਾਹਰਲੇ ਹਲਕਿਆਂ ਤੋਂ ਆ ਕੇ ਆਪਣਾ ਹੱਕ ਜਿਤਾ ਰਹੇ ਹਨ। ਨਿਹਾਲ ਸਿੰਘ ਵਾਲਾ ਹਲਕੇ ਦੀ ਸਿਆਸਤ ਵਿਚ ਇੰਨ੍ਹਾਂ ਦਿਨਾਂ ਵਿਚ ਕਾਂਗਰਸ ਪਾਰਟੀ ਅੰਦਰ ਚਲ ਰਹੀਆਂ ਸਰਗਰਮੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਭਾਵੇਂ ਵਿਧਾਨ ਸਭਾ ਚੋਣਾਂ ਲਈ ਅਜੇ ਸਮਾਂ ਬਾਕੀ ਹੈ, ਪਰ ਹਲਕੇ ਵਿਚ ਸੰਭਾਵੀ ਦਾਅਵੇਦਾਰਾਂ ਵੱਲੋਂ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਪਾਰਟੀ ਵੱਲੋਂ ਹਾਲ ਹੀ ਵਿਚ ਬਦਲੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਪੰਜਾਬ ਦੀ ਕਮਾਨ ਹਾਕੀ ਉਲੰਪੀਅਨ ਪਰਗਟ ਸਿੰਘ ਹੱਥ ਆ ਚੁੱਕੀ ਹੈ ਪਰ ਹਲਕੇ ਵਿਚ ਕੁਝ ਕਾਂਗਰਸ ਲਈ ਅੱਛਾ ਨਹੀਂ ਦੀ ਕਹਾਵਤ ਨੇ ਇਕ ਵਾਰ ਫਿਰ ਕਾਂਗਰਸ ਨੂੰ ਇਕ ਅਜਿਹੇ ਮੋੜ ਤੇ ਆਣ ਖੜ੍ਹਾ ਕਰ ਦਿੱਤਾ, ਜਿੱਥੇ ਸ਼ਾਇਦ ਕੋਈ ਬੱਸ ਦੀ ਸਹੂਲਤ ਨਹੀਂ ਕਹਾਵਤ ਵਾਂਗ ਹੈ। ਸਿਆਸੀ ਗਲਿਆਰਿਆਂ ਵਿਚ ਇਸ ਵੇਲੇ ਪਰਮਿੰਦਰ ਸਿੰਘ ਡਿੰਪਲ, ਭੁਪਿੰਦਰ ਸਿੰਘ ਸਾਹੋਕੇ ਅਤੇ ਭੁਪਿੰਦਰ ਸਿੰਘ ਹਨੀ ਦੇ ਨਾਮ ਤੋਂ ਇਲਾਵਾ ਇਸੇ ਹਲਕੇ ਦੇ ਜੰਮਪਲ ਸਾਬਕਾ ਫੂਡ ਅਫ਼ਸਰ ਸਵਰਨ ਸਿੰਘ ਆਦੀਵਾਲ ਦੀ ਚਰਚਾ ਵੀ ਸੁਭਾਵਿਕ ਬਣੀ ਹੋਈ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਕਾਂਗਰਸੀ ਆਗੂਆਂ ਦੀਆਂ ਮੀਟਿੰਗਾਂ, ਲੋਕਾਂ ਨਾਲ ਸੰਪਰਕ ਮੁਹਿੰਮਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਵਧ ਰਹੀ ਹਾਜ਼ਰੀ ਇਹ ਸੰਕੇਤ ਦੇ ਰਹੀ ਹੈ ਕਿ ਸੰਭਾਵੀ ਉਮੀਦਵਾਰ ਆਪਣਾ-ਆਪਣਾ ਆਧਾਰ ਮਜ਼ਬੂਤ ਕਰਨ ਵਿਚ ਜੁਟੇ ਹੋਏ ਹਨ। ਪਰਮਿੰਦਰ ਸਿੰਘ ਡਿੰਪਲ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰੀ ਸਿੰਘ ਖਾਈ ਦੇ ਨਜ਼ਦੀਕੀ ਆਗੂ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਦਾਅਵੇਦਾਰੀ ਨੂੰ ਲੈ ਕੇ ਵੀ ਚਰਚਾ ਬਣੀ ਹੋਈ ਹੈ। ਦੂਜੇ ਪਾਸੇ ਭੁਪਿੰਦਰ ਸਿੰਘ ਸਾਹੋਕੇ ਵੀ ਲਗਾਤਾਰ ਹਲਕੇ ਵਿਚ ਸਰਗਰਮ ਨਜ਼ਰ ਆ ਰਹੇ ਹਨ ਅਤੇ ਆਪਣੇ ਸਮਰਥਕ ਵਰਗ ਨੂੰ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ। ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਨੂੰ ਵੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਨਾਮ ਵਾਲੇ ਬੋਰਡਾਂ ਅਤੇ ਹੋਰ ਪ੍ਰਚਾਰ ਸਮੱਗਰੀ ਨੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਪਾਰਟੀ ਵੱਲੋਂ ਕਿਸੇ ਵੀ ਉਮੀਦਵਾਰ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਹਲਕੇ ਵਿਚ ਇਹ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਦੀ ਨਜ਼ਰ ਕਿਸ ਉੱਤੇ ਟਿਕੇਗੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਜ਼ਮੀਨੀ ਸਰਗਰਮੀਆਂ, ਪਾਰਟੀ ਅੰਦਰੂਨੀ ਰਿਪੋਰਟਾਂ ਅਤੇ ਸਥਾਨਕ ਸਮੀਕਰਨ ਟਿਕਟ ਵੰਡ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਫਿਲਹਾਲ ਨਿਹਾਲ ਸਿੰਘ ਵਾਲਾ ਹਲਕੇ ਵਿਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਤਿਕੋਣੀ ਦੌੜ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਤੇ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਦੇ ਹੱਥ ਵਿਚ ਮੰਨਿਆ ਜਾ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਕਿਸ ਆਗੂ ਤੇ ਭਰੋਸਾ ਜਤਾਉਂਦੀ ਹੈ ਅਤੇ ਟਿਕਟ ਦੀ ਜ਼ਿੰਮੇਵਾਰੀ ਕਿਸ ਦੇ ਹੱਥ ਸੌਂਪੀ ਜਾਂਦੀ ਹੈ। ਫਿਲਹਾਲ ਇਸ ਦਾ ਜਵਾਬ ਸਮੇਂ ਦੇ ਗਰਭ ਵਿਚ ਹੀ ਲੁਕਿਆ ਹੋਇਆ ਹੈ। ਕਾਂਗਰਸ ਦੇ ਦੋ ਦਾਅਵੇਦਾਰਾਂ ਦੇ ਸਮਾਗਮਾਂ ਨੇ ਛੇੜੀ ਚਰਚਾ ਹਲਕਾ ਨਿਹਾਲ ਸਿੰਘ ਵਾਲਾ ਚ ਕਾਂਗਰਸ ਪਾਰਟੀ ਦੇ ਦੋ ਦਾਅਵੇਦਾਰਾਂ ਨੇ ਹਲਕੇ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਕੀਤੇ ਇਕੱਠ ਦੌਰਾਨ ਕਾਂਗਰਸ ਬਨਾਮ ਕਾਂਗਰਸ ਮੈਚ ਦੀ ਚਰਚਾ ਵੀ ਹਲਕੇ ਵਿਚ ਖੂਬ ਹੋ ਰਹੀ ਹੈ। ਨਿਹਾਲ ਸਿੰਘ ਵਾਲਾ ਸ਼ਹਿਰ ਵਿਚ ਪਰਗਟ ਸਿੰਘ ਨੂੰ ਪੰਜਾਬ ਦੀ ਕਮਾਂਡ ਮਿਲਣ ਤੇ ਇੱਥੇ ਕਾਂਗਰਸ ਪਾਰਟੀ ਦੇ ਮੁੱਖ ਦਾਅਵੇਦਾਰ ਭੁਪਿੰਦਰ ਸਿੰਘ ਸਾਹੋਕੇ ਵੱਲੋਂ ਰੱਖੀ ਗਈ ਮੀਟਿੰਗ ਵਿਚ ਜਿਥੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਥੇ ਨਵੇਂ ਪ੍ਰਧਾਨ ਨੂੰ ਜੀ ਆਇਆਂ ਆਖਿਆ। ਉਧਰ ਦੂਜੇ ਪਾਸੇ ਹਲਕੇ ਦੇ ਵੱਡੇ ਤੇ ਰਾਜਨੀਤਕ ਪਿਛੋਕੜ ਵਾਲੇ ਪਿੰਡ ਰੌਂਤਾ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਹੋਏ ਇਕੱਠ ਦੌਰਾਨ ਹਲਕੇ ਦੇ ਲੋਕ ਕਾਂਗਰਸ ਬਨਾਮ ਕਾਂਗਰਸ ਪਾਰਟੀ ਦੇਖ ਰਹੇ ਹਨ।