ਵਾਤਾਵਰਨ ਸੰਭਾਲ ਦੇ ਪ੍ਰਣ ਨਾਲ ਤਿੰਨ ਰੋਜ਼ਾ ਨੇਚਰ ਕੈਂਪ ਸਮਾਪਤ ਭਾਰਤ ਸਰਕਾਰ ਦੀ ਮਨਿਸਟਰੀ
Publish Date: Wed, 25 Nov 2026 03:13 PM (IST)
Updated Date: Wed, 25 Nov 2026 03:16 PM (IST)
ਨੇਚਰ ਐਕਟੀਵਿਟੀ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੀ ਪੰਜਾਬ ਸਟੇਟ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪਠਾਨਕੋਟ ਦੇ ਜੰਗਲਾਂ ਵਿਚ ਮੋਗਾ ਜਿਲ੍ਹੇ ਦੇ ਈਕੋ ਕਲੱਬ ਮੈਂਬਰਾਂ ਵੱਲੋਂ ਵਾਤਾਵਰਨ ਨੂੰ ਸੰਭਾਲਣ ਲਈ ਪ੍ਰਣ ਲੈਂਦੇ ਹੋਏ ਇਕ ਨਵੀਂ ਸੋਚ ਨਾਲ ਤਿੰਨ ਰੋਜ਼ਾ ਰਿਹਾਇਸ਼ੀ ਨੇਚਰ ਕੈਂਪ ਸਮਾਪਤ ਹੋਇਆ। ਨੇਚਰ ਕੈਂਪ ਦੇ ਜਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਡਾ ਦੀਪਕ ਸ਼ਰਮਾ ਨੇ ਦੱਸਿਆ ਕਿ ਨੇਚਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਪਹਾੜਾਂ ਦੇ ਸ਼ਾਂਤ ਵਾਤਾਵਰਨ ਵਿਚ ਬਣੇ ਰਾਵੀ ਦੇ ਕੰਢੇ ਮੁਕਤੇਸ਼ਵਰ ਧਾਮ ਵਿਖੇ ਇਤਿਹਾਸ ਨੂੰ ਯਾਦ ਕਰਦਿਆਂ 5500 ਸਾਲ ਪੁਰਾਤਨ ਪਾਂਡਵਾਂ ਦੁਆਰਾ ਸਥਾਪਿਤ ਗੁਫਾਵਾਂ ਦੇ ਦਰਸ਼ਨ ਕਰਕੇ ਅਧਿਆਤਮਕ ਸ਼ਾਂਤੀ ਦਾ ਆਨੰਦ ਲਿਆ। ਵਾਤਾਵਰਨ ਪ੍ਰਤੀ ਇੱਕਜੁੱਟਤਾ ਦਾ ਸੁਨੇਹਾ ਦਿੰਦੇ ਹੋਏ ਮੋਗਾ ਈਈਪੀ ਟੀਮ ਵੱਲੋਂ ਨੇਚਰ ਕੈਂਪ ਲਈ ਚਿੱਟੇ ਰੰਗ ਦੀ ਇਕ ਡਰੈਸ ਕੋਡ ਨਾਲ ਹਿੱਸਾ ਲਿਆ ਗਿਆ। ਵਿਦਿਆਰਥੀਆਂ ਵਿਚ ਟੀਮ ਭਾਵਨਾ ਨੂੰ ਉਜਾਗਰ ਕਰਨ ਲਈ ਸਥਾਨਕ ਮਿੰਨੀ ਗੋਆ ਨੇਚਰ ਦੀ ਗੋਦ ‘ਚ ਬਣੀ ਝੀਲ ਦੇ ਕੰਢੇ ਪੇਂਟਿੰਗ ਕੰਪੀਟੀਸ਼ਨ, ਮੰਡੇਲਾ ਆਰਟਸ ਕਰਵਾਇਆ ਗਿਆ। ਇਸ ਉਪਰੰਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਫਾਈ ਮੁਹਿੰਮ ਚਲਾਈ ਗਈ ਅਤੇ ਪਿੰਡ ਕੋਠੀ ਵਿਖੇ ਰੈਲੀ ਦੌਰਾਨ ਵਾਤਾਵਰਨ ਸੰਭਾਲਣ ਲਈ ਰੁੱਖ ਲਗਾਓ ਵਾਤਾਵਰਨ ਬਚਾਓ, ਊਰਜਾ ਬਚਾਓ, ਪਾਣੀ ਬਚਾਓ, ਦੇ ਨਾਅਰੇ ਲਗਾਉਂਦੇ ਹੋਏ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਮਾਨਸਿਕ ਸਿਹਤ ਲਈ ਨੇਚਰ ਕੈਂਪ ਵਿਚ ਰੋਜਾਨਾ ਸਵੇਰੇ ਮੈਡੀਟੇਸ਼ਨ ਅਤੇ ਯੋਗਾ ਕਲਾਸਾਂ ਲਗਾਈਆਂ ਗਈਆਂ ਅਤੇ ਪਹਾੜਾਂ ਦੀਆਂ ਠੰਡੀਆਂ ਰਾਤਾਂ ਨੂੰ ਬੋਨ ਫਾਇਰ ਵਿਚ ਕਰਵਾਏ ਜਾਂਦੇ ਗੀਤ ਸੰਗੀਤ ਗਿੱਧੇ ਭੰਗੜਾ ਨੇ ਵਿਦਿਆਰਥੀਆਂ ਦੀ ਛੁਪੀ ਹੋਈ ਅੰਦਰਲੀ ਕਲਾ ਨੂੰ ਜਗਾਇਆ। ਜ਼ਿਲ੍ਹਾ ਕੋਆਰਡੀਨੇਟਰ ਡਾ ਦੀਪਕ ਸ਼ਰਮਾ ਵੱਲੋਂ ਮੈਡਮ ਕਿਰਨ ਬਾਲਾ ,ਪਲਕ ਗੁਪਤਾ, ਰਾਹੁਲ ਗੋਇਲ, ਨਿਹਾਰਕਾ, ਗਾਈਡ ਰਣਜੀਤ, ਮੈਡੀਟੇਸ਼ਨ ਇੰਸਟਰਕਟਰ ਸਿਮਰਨ ਅਤੇ ਮੈਡਮ ਮਨਪ੍ਰੀਤ ਨੂੰ ਨੇਚਰ ਕੈਂਪ ਨੂੰ ਸਫਲ ਬਣਾਉਣ ਲਈ ਦਿੱਤੇ ਯੋਗਦਾਨ ਲਈ ਐਪਰੀਸੀਏਸ਼ਨ ਐਵਾਰਡ ਨਾਲ ਅਤੇ ਨੇਚਰ ਐਕਟੀਵਿਟੀਜ਼ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਟੇਸ਼ਨਰੀ ਕਿੱਟਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਪ੍ਰਣ ਕੀਤਾ ਗਿਆ ਕਿ ਉਹ ਹੋਰਨਾਂ ਵਿਦਿਆਰਥੀਆਂ ਨੂੰ ਵੀ ਮਿਸ਼ਨ ਲਾਈਫ ਦੇ ਥੀਮਾਂ ਉੱਪਰ ਚੱਲਣ ਲਈ ਪ੍ਰੇਰਿਤ ਕਰਨਗੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਸੈਂਟਰ ਟੈਕਨੋਲੋਜੀ ਚੰਡੀਗੜ੍ਹ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣਗੇ। ਡੀਈਓ ਆਸ਼ੀਸ਼ ਕੁਮਾਰ ਸ਼ਰਮਾ ਮੋਗਾ ਅਤੇ ਡਿਪਟੀ ਡੀਈਓ ਮੋਗਾ ਗੁਰਦਿਆਲ ਸਿੰਘ ਮਠਾੜੂ ਨੇ ਤਿੰਨ ਰੋਜ਼ਾ ਨੇਚਰ ਕੈਂਪ ਦੇ ਸਫਲਤਾ ਪੂਰਵਕ ਸਮਾਪਤੀ ਤੇ ਜ਼ਿਲ੍ਹਾ ਕੋਆਰਡੀਨੇਟਰ ਡਾ ਦੀਪਕ ਸ਼ਰਮਾ ਦੀ ਸ਼ਲਾਂਘਾ ਕਰਦੇ ਹੋਏ ਪੂਰੇ ਮੋਗਾ ਜ਼ਿਲ੍ਹੇ ਦੀ ਈਈਪੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਡਾ ਦੀਪਕ ਸ਼ਰਮਾ, ਕਿਰਨ ਬਾਲਾ, ਰਾਹੁਲ ਗੋਇਲ, ਪਲਕ ਗੁਪਤਾ, ਨਿਹਾਰਕਾ, ਰਣਜੀਤ, ਸਿਮਰਨ, ਮਨਪ੍ਰੀਤ ਅਤੇ ਮੋਗਾ ਜ਼ਿਲ੍ਹੇ ਦੇ ਈਕੋ ਕਲੱਬ ਮੈਂਬਰ ਹਾਜ਼ਰ ਸਨ।