- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਾਰ ਝੋਨੇ ਦੀ ਫ਼ਸਲ ਤੋਂ

ਪਿਛਲੇ ਵਰ੍ਹੇ ਹਲਦੀ ਰੋਗ ਕਾਰਨ ਘੱਟ ਝਾੜ ਨੇ ਕੀਤਾ ਸੀ ਨੁਕਸਾਨ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਇਸ ਵਾਰ ਝੋਨੇ ਦੀ ਫ਼ਸਲ ਤੋਂ ਕਿਸਾਨਾਂ ਨੂੰ ਚੰਗੇ ਝਾੜ ਦੀ ਉਮੀਦ ਬੱਝੀ ਹੋਈ ਹੈ। ਮੌਸਮ ਦੀਆਂ ਹਾਲਾਤ ਅਤੇ ਫ਼ਸਲ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਇਸ ਵਾਰ ਝੋਨੇ ਦੀ ਬੰਪਰ ਪੈਦਾਵਾਰ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਹਲਦੀ ਰੋਗ ਸਮੇਤ ਵੱਖ-ਵੱਖ ਬਿਮਾਰੀਆਂ ਦੀ ਮਾਰ ਪੈਣ ਕਾਰਨ ਕਈ ਖੇਤਰਾਂ ਵਿੱਚ ਝਾੜ ਪ੍ਰਭਾਵਿਤ ਹੋਇਆ ਸੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਸੀ ਅਤੇ ਕਈ ਕਿਸਾਨਾਂ ਦੇ ਫ਼ਸਲ ’ਤੇ ਹੋਏ ਖਰਚੇ ਵੀ ਪੂਰੇ ਨਹੀਂ ਹੋ ਸਕੇ ਸਨ। ਮੋਗਾ ਖੇਤਰ ਦੇ ਕਿਸਾਨਾਂ ਮਾਧੋ ਸਿੰਘ ਦੌਧਰ, ਬਲਜੀਤ ਸਿੰਘ ਮੱਲੇਆਣਾ, ਮੰਦਰ ਸਿੰਘ ਲੋਪੋਂ, ਸੁਖਚੈਨ ਸਿੰਘ ਬੱਧਨੀ ਕਲਾਂ, ਦਵਿੰਦਰ ਸਿੰਘ ਲੁਹਾਰਾ ਅਤੇ ਜਗਜੀਤ ਸਿੰਘ ਤਲਵੰਡੀ ਆਦਿ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਤਿਆਰ ਕਰਨ ਲਈ ਬੀਜ, ਖਾਦਾਂ, ਦਵਾਈਆਂ, ਡੀਜ਼ਲ, ਖੇਤੀ ਮਜ਼ਦੂਰੀ ਅਤੇ ਸਿੰਚਾਈ ਸਮੇਤ ਕਾਫ਼ੀ ਖਰਚਾ ਕਰਨਾ ਪੈਂਦਾ ਹੈ। ਪਿਛਲੇ ਸੀਜ਼ਨ ਦੌਰਾਨ ਜਦੋਂ ਬਿਮਾਰੀਆਂ ਕਾਰਨ ਝਾੜ ਵਿਚ ਕਮੀ ਆਈ ਤਾਂ ਉਤਪਾਦਨ ਘਟਣ ਨਾਲ ਕਿਸਾਨਾਂ ਦੀ ਆਮਦਨ ’ਤੇ ਵੀ ਸਿੱਧਾ ਅਸਰ ਪਿਆ ਸੀ। ਇਸ ਵਾਰ ਕਿਸਾਨਾਂ ਨੂੰ ਆਸ ਹੈ ਕਿ ਜੇਕਰ ਫ਼ਸਲ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਤੋਂ ਬਚੀ ਰਹੀ ਤਾਂ ਝਾੜ ਵਧੀਆ ਰਹੇਗਾ। ਖੇਤਾਂ ਵਿਚ ਇਸ ਸਮੇਂ ਝੋਨੇ ਦੀ ਫ਼ਸਲ ਪੱਕਣ ਵੱਲ ਵਧ ਰਹੀ ਹੈ ਅਤੇ ਕਈ ਥਾਵਾਂ ’ਤੇ ਫ਼ਸਲ ਦੀਆਂ ਬਾਲੀਆਂ ਭਰਪੂਰ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਫ਼ਸਲ ਦੀ ਹਾਲਤ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਬਿਹਤਰ ਦਿਖਾਈ ਦੇ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਮਿਹਨਤ ਦਾ ਚੰਗਾ ਫਲ ਮਿਲੇਗਾ ਅਤੇ ਫ਼ਸਲ ਤੋਂ ਹੋਣ ਵਾਲੀ ਆਮਦਨ ਨਾਲ ਖੇਤੀਬਾੜੀ ’ਤੇ ਕੀਤਾ ਖਰਚਾ ਕੱਢਣ ਦੇ ਨਾਲ-ਨਾਲ ਕੁਝ ਬਚਤ ਵੀ ਹੋ ਸਕੇਗੀ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਸੁਚੇਤ
ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਫ਼ਸਲ ਦੀ ਲਗਾਤਾਰ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਫ਼ਸਲ ਤੋਂ ਕਿਸਾਨਾਂ ਨੂੰ ਕਾਫ਼ੀ ਉਮੀਦਾਂ ਹਨ, ਪਰ ਫ਼ਸਲ ਦੇ ਅੰਤਿਮ ਪੜਾਅ ਦੌਰਾਨ ਕਿਸੇ ਵੀ ਬਿਮਾਰੀ ਜਾਂ ਕੀੜੇ ਦੇ ਹਮਲੇ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਖੇਤਾਂ ਦਾ ਨਿਯਮਤ ਨਿਰੀਖਣ ਕਰਦੇ ਰਹਿਣ ਅਤੇ ਕਿਸੇ ਸਮੱਸਿਆ ਦੀ ਸੂਰਤ ਵਿੱਚ ਖੇਤੀ ਮਾਹਿਰਾਂ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਹੀ ਉਚਿਤ ਉਪਾਅ ਕੀਤੇ ਜਾਣ। ਵਿਭਾਗ ਵੱਲੋਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਲੋੜ ਤੋਂ ਕੀਟਨਾਸ਼ਕਾਂ ਜਾਂ ਹੋਰ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਿਰਫ਼ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ। ਇਸ ਨਾਲ ਜਿੱਥੇ ਫ਼ਸਲ ਦੀ ਗੁਣਵੱਤਾ ਬਰਕਰਾਰ ਰਹੇਗੀ, ਉੱਥੇ ਬੇਲੋੜੇ ਖਰਚੇ ਤੋਂ ਵੀ ਕਿਸਾਨਾਂ ਨੂੰ ਰਾਹਤ ਮਿਲੇਗੀ। ਕਿਸਾਨਾਂ ਨੂੰ ਹੁਣ ਝੋਨੇ ਦੀ ਕਟਾਈ ਦਾ ਇੰਤਜ਼ਾਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਮੌਸਮ ਅਨੁਕੂਲ ਰਿਹਾ ਅਤੇ ਫ਼ਸਲ ਨੂੰ ਅੰਤਿਮ ਸਮੇਂ ’ਤੇ ਕਿਸੇ ਬਿਮਾਰੀ ਜਾਂ ਕੁਦਰਤੀ ਆਫ਼ਤ ਦੀ ਮਾਰ ਨਾ ਪਈ ਤਾਂ ਇਸ ਵਾਰ ਝੋਨੇ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਕਿਸਾਨਾਂ ਦੀਆਂ ਨਜ਼ਰਾਂ ਹੁਣ ਫ਼ਸਲ ਦੀ ਕਟਾਈ ਅਤੇ ਮੰਡੀਆਂ ਵਿਚ ਹੋਣ ਵਾਲੀ ਖਰੀਦ ’ਤੇ ਟਿਕੀਆਂ ਹੋਈਆਂ ਹਨ।