ਸੀਟੀ ਯੂਨੀਵਰਸਿਟੀ ’ਚ ਪੰਜਾਬੀ ਸੋਲੋ ਭੰਗੜਾ ਤੇ ਗਿੱਧਾ ਕੱਪ ਸੰਪੰਨ ਸੀਟੀ ਯੂਨੀਵਰਸਿਟੀ ਵੱਲੋਂ ਪੰਜਾਬ
Publish Date: Thu, 02 Jul 2026 04:59 PM (IST)
Updated Date: Thu, 02 Jul 2026 05:02 PM (IST)
18 ਜੇਤੂਆਂ ਦਾ ਸਨਮਾਨ, 1 ਲੱਖ ਦੀ ਇਨਾਮੀ ਰਾਸ਼ੀ ਤੇ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਅਮੀਰ ਲੋਕ ਵਿਰਾਸਤ ਨੂੰ ਸਮਰਪਿਤ ਤੀਜੇ ‘ਰੰਗ ਪੰਜਾਬੀ’ ਸੋਲੋ ਭੰਗੜਾ ਅਤੇ ਗਿੱਧਾ ਕੱਪ 2026 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਮੁਕਾਬਲੇ ’ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ 100 ਤੋਂ ਵੱਧ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਭਾਗੀਦਾਰਾਂ ਨੇ ਆਪਣੇ ਜੋਸ਼ੀਲੇ ਭੰਗੜੇ ਅਤੇ ਮਨਮੋਹਕ ਗਿੱਧੇ ਦੀਆਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਲੋਕ ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਾਸਤ ਨੂੰ ਜੀਵੰਤ ਰੂਪ ਵਿਚ ਪੇਸ਼ ਕੀਤਾ। ਮੁਕਾਬਲੇ ਦਾ ਆਯੋਜਨ ਛੇ ਵਰਗਾਂ ਸਬ ਜੂਨੀਅਰ ਲੜਕੀਆਂ, ਸਬ ਜੂਨੀਅਰ ਲੜਕੇ, ਜੂਨੀਅਰ ਲੜਕੀਆਂ, ਜੂਨੀਅਰ ਲੜਕੇ, ਸੀਨੀਅਰ ਲੜਕੀਆਂ ਅਤੇ ਸੀਨੀਅਰ ਲੜਕੇ ਵਿਚ ਕੀਤਾ ਗਿਆ। ਦਿਨ ਭਰ ਚੱਲੇ ਇਸ ਮੁਕਾਬਲੇ ਦੌਰਾਨ ਭਾਗੀਦਾਰਾਂ ਨੇ ਆਪਣੀ ਪ੍ਰਤਿਭਾ, ਜੋਸ਼ ਅਤੇ ਸੱਭਿਆਚਾਰ ਪ੍ਰਤੀ ਸਮਰਪਣ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਦਵਿੰਦਰ ਜੁਗਨੀ, ਰਾਜ ਪੁਰਸਕਾਰ ਪ੍ਰਾਪਤ ਅਤੇ ਅੰਡਰ ਸੈਕਟਰੀ, ਉਦਯੋਗ ਅਤੇ ਸਿਵਲ ਏਵੀਏਸ਼ਨ ਵਿਭਾਗ, ਪੰਜਾਬ, ਚੰਡੀਗੜ੍ਹ, ਸੁਖਵਿੰਦਰ ਸਿੰਘ ਵਿਰਕ, ਸਹਾਇਕ ਪ੍ਰੋਫੈਸਰ ਅਤੇ ਮੁਖੀ, ਪੀਜੀ ਪੰਜਾਬੀ ਵਿਭਾਗ, ਜੀਐੱਨਐੱਨ ਕਾਲਜ, ਦੋਰਾਹਾ ਅਤੇ ਡਾਇਰੈਕਟਰ, ਵਰਲਡ ਫੋਕ ਫੈਸਟੀਵਲ, ਕੈਨੇਡਾ; ਅਤੇ ਤੇਹਲ ਸਿੰਘ ਖੀਵਾ, ਪੰਜਾਬ ਦੇ ਅੰਤਰਰਾਸ਼ਟਰੀ ਲੋਕ ਨਾਚ ਕੋਚ ਸ਼ਾਮਲ ਹੋਏ। ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਅਤੇ ਨੌਜਵਾਨ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਲਈ ਸੀਟੀ ਯੂਨੀਵਰਸਿਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਮੁਕਾਬਲੇ ’ਚ ਕੁੱਲ 1 ਲੱਖ ਦੀ ਇਨਾਮੀ ਰਾਸ਼ੀ ਵੰਡੀ ਗਈ। ਛੇਵਾਂ ਵਰਗਾਂ ’ਚ ਕੁੱਲ 18 ਜੇਤੂਆਂ ਨੂੰ ਨਗਦ ਇਨਾਮ, ਟਰਾਫ਼ੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਬ ਜੂਨੀਅਰ ਲੜਕੀਆਂ ਵਰਗ ਵਿਚ ਐਵਰੀਨ ਕੌਰ ਨੇ ਪਹਿਲਾ, ਨਵਗੁਨ ਕੌਰ ਨੇ ਦੂਜਾ ਅਤੇ ਸਮ੍ਰਿੱਧੀ ਨੇ ਤੀਜਾ ਸਥਾਨ ਹਾਸਲ ਕੀਤਾ। ਸਬ ਜੂਨੀਅਰ ਲੜਕਿਆਂ ਵਿਚ ਲਕਸ਼ਦੀਪ ਸਿੰਘ ਪਹਿਲੇ, ਵੰਸ਼ ਦੂਜੇ ਅਤੇ ਜਪਤੇਜ ਸਿੰਘ ਦੁਆ ਤੀਜੇ ਸਥਾਨ ’ਤੇ ਰਹੇ। ਜੂਨੀਅਰ ਲੜਕੀਆਂ ਵਰਗ ਵਿਚ ਤਾਨੀ ਨੇ ਪਹਿਲਾ, ਅਰਚਨਾ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਲੜਕਿਆਂ ’ਚ ਜਸਮੀਤ ਭਾਮਰਾਹ ਪਹਿਲੇ, ਰਾਜਵੀਰ ਸਿੰਘ ਦੂਜੇ ਅਤੇ ਅਨਮੋਲ ਸਿੰਘ ਤੀਜੇ ਸਥਾਨ ’ਤੇ ਰਹੇ। ਸੀਨੀਅਰ ਲੜਕੀਆਂ ਵਿਚ ਬੰਜੁਲ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਜਾ ਅਤੇ ਪਾਇਲ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਲੜਕਿਆਂ ਵਿਚ ਭਾਨੂਪ੍ਰਤਾਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਮ੍ਰਿਤਪਾਲ ਸਿੰਘ ਅਤੇ ਅੰਸ਼ ਗੋਇਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੌਰਾਨ ਪੰਜਾਬੀ ਲੋਕ ਕਲਾ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਵਿਚ ਵਿਸ਼ੇਸ਼ ਯੋਗਦਾਨ ਲਈ ਪੱਪੀ ਗਿੱਲ, ਮੇਜਰ ਚੱਠਾ ਅਤੇ ਜਸਵੀਰ ਕੌਰ ਬੈਂਸ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦਾ ਨਿਰਣੇ ਪ੍ਰੀਤਪਾਲ ਸਿੰਘ ਨੰਗਲ, ਪਵਨ ਅਜੀਮਲ, ਹਰਮਨ ਰਤਨ, ਮਨਪ੍ਰੀਤ ਸਿੰਘ ਅਤੇ ਸ਼ੈਰੀ ਮਾਣਕ ਦੀ ਜੱਜਾਂ ਦੀ ਟੀਮ ਵੱਲੋਂ ਕੀਤਾ ਗਿਆ। ਜੱਜਾਂ ਨੇ ਭਾਗੀਦਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪੰਜਾਬੀ ਲੋਕ ਸੱਭਿਆਚਾਰ ਪ੍ਰਤੀ ਉਨ੍ਹਾਂ ਦੀ ਲਗਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੋ. ਚਾਂਸਲਰ ਡਾ. ਮਨਬੀਰ ਸਿੰਘ ਨੇ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀਟੀ ਯੂਨੀਵਰਸਿਟੀ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੇ ਸੰਰੱਖਣ ਅਤੇ ਪ੍ਰਚਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਲੋਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੇ ਹਨ। ਡਾਇਰੈਕਟਰ, ਡਿਪਾਰਟਮੈਂਟ ਆਫ ਸਟੂਡੈਂਟ ਵੈੱਲਫੇਅਰ, ਇੰਜੀ. ਦਵਿੰਦਰ ਸਿੰਘ ਨੇ ਕਿਹਾ ਕਿ ‘ਰੰਗ ਪੰਜਾਬੀ’ ਹੁਣ ਯੂਨੀਵਰਸਿਟੀ ਦਾ ਇਕ ਪ੍ਰਮੁੱਖ ਸੱਭਿਆਚਾਰਕ ਸਮਾਗਮ ਬਣ ਚੁੱਕਾ ਹੈ, ਜਿਸ ਵਿਚ ਹਰ ਸਾਲ ਖੇਤਰ ਭਰ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਭਾਗੀਦਾਰਾਂ ਦਾ ਉਤਸ਼ਾਹ ਅਤੇ ਵਧਦੀ ਸ਼ਮੂਲੀਅਤ ਯੂਨੀਵਰਸਿਟੀ ਦੀ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਰਵਾਇਤੀ ਲੋਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਮਾਗਮ ਦਾ ਸਮਾਪਨ ਸ਼ਾਨਦਾਰ ਇਨਾਮ ਵੰਡ ਸਮਾਰੋਹ ਨਾਲ ਹੋਇਆ, ਜਿਸ ਵਿਚ ਜੇਤੂਆਂ, ਭਾਗੀਦਾਰਾਂ, ਜੱਜਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਫ਼ਲ ਆਯੋਜਨ ਨੇ ਇਕ ਵਾਰ ਫਿਰ ਪੰਜਾਬ ਦੀ ਅਮੀਰ ਲੋਕ ਵਿਰਾਸਤ ਨੂੰ ਸੰਭਾਲਣ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਸੀਟੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਮਜ਼ਬੂਤੀ ਨਾਲ ਦਰਸਾਇਆ।