ਕਰਿਆਨਾ ਸਟੋਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਮੋਗਾ ਸ਼ਹਿਰ ਵਿਚ ਚੋਰੀ ਦੀਆਂ
Publish Date: Sat, 10 Oct 2026 05:59 PM (IST)
Updated Date: Sun, 11 Oct 2026 04:05 AM (IST)
ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਘਟਨਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ’ਚ ਚਿੰਤਾ ਪਾਈ ਜਾ ਰਹੀ ਹੈ। ਤਾਜ਼ਾ ਮਾਮਲਾ ਲਾਲ ਸਿੰਘ ਰੋਡ ਦਾ ਹੈ, ਜਿੱਥੇ 3 ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਵਿੱਕੀ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦੇ ਗੱਲੇ ’ਚੋਂ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ। ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ਤੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੁਕਾਨ ਮਾਲਕ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਬਾਕਸ-- ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖ਼ਲ ਹੋਇਆ ਇਕ ਮੁਲਜ਼ਮ ਪ੍ਰਾਪਤ ਜਾਣਕਾਰੀ ਅਨੁਸਾਰ ਲਾਲ ਸਿੰਘ ਰੋਡ ਸਥਿਤ ਵਿੱਕੀ ਕਰਿਆਨਾ ਸਟੋਰ ’ਤੇ ਸਵੇਰੇ ਕਰੀਬ 3:45 ਵਜੇ 3 ਮੋਟਰਸਾਈਕਲ ਸਵਾਰ ਵਿਅਕਤੀ ਪਹੁੰਚੇ। ਇਨ੍ਹਾਂ ਤਿੰਨਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਇਕ ਵਿਅਕਤੀ ਨੇ ਦੁਕਾਨ ਦਾ ਸ਼ਟਰ ਖਿੱਚ ਕੇ ਤੋੜਿਆ ਤੇ ਅੰਦਰ ਦਾਖ਼ਲ ਹੋ ਗਿਆ, ਜਦਕਿ ਉਸ ਦੇ ਦੋ ਸਾਥੀ ਬਾਹਰ ਖੜ੍ਹੇ ਰਹੇ। ਦੁਕਾਨ ਅੰਦਰ ਦਾਖ਼ਲ ਹੋਏ ਵਿਅਕਤੀ ਨੇ ਗੱਲੇ ’ਚ ਪਈ ਸ਼ਾਮ ਦੀ ਵਿਕਰੀ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਬਾਕਸ-- ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਪਰਿਵਾਰ ਦੀ ਖੁੱਲ੍ਹੀ ਅੱਖ ਦੁਕਾਨ ਦੇ ਮਾਲਕ ਤੇ ਵਾਰਡ ਨੰਬਰ 17 ਦੇ ਮੌਜੂਦਾ ਕੌਂਸਲਰ ਵਿਕਰਮ ਸਿੰਘ ਨੇ ਦੱਸਿਆ ਕਿ ਵਾਰਦਾਤ ਸਮੇਂ ਉਨ੍ਹਾਂ ਦਾ ਪਰਿਵਾਰ ਘਰ ’ਚ ਸੁੱਤਾ ਹੋਇਆ ਸੀ। ਇਸ ਦੌਰਾਨ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਅੱਖ ਖੁੱਲ੍ਹ ਗਈ, ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਦੁਕਾਨ ਦਾ ਸ਼ਟਰ ਅੱਧਾ ਖੁੱਲ੍ਹਿਆ ਹੋਇਆ ਦਿਖਾਈ ਦਿੱਤਾ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆ ਕੇ ਦੁਕਾਨ ਕੋਲ ਪਹੁੰਚੇ ਤਾਂ ਦੇਖਿਆ ਕਿ ਸ਼ਟਰ ਦੇ ਤਾਲੇ ਲੱਗੇ ਹੋਏ ਸਨ, ਪਰ ਚੋਰਾਂ ਨੇ ਸ਼ਟਰ ਨੂੰ ਖਿੱਚ ਕੇ ਤੋੜ ਦਿੱਤਾ ਸੀ। ਵਿਕਰਮ ਸਿੰਘ ਅਨੁਸਾਰ ਦੁਕਾਨ ਦੇ ਨਾਲ ਹੀ ਕਾਮਨ ਸਰਵਿਸ ਸੈਂਟਰ ਵੀ ਚੱਲਦਾ ਹੈ। ਚੋਰਾਂ ਨੇ ਇਸ ਸੈਂਟਰ ’ਚ ਰੱਖੀ ਰਕਮ ਨੂੰ ਹੱਥ ਨਹੀਂ ਲਾਇਆ ਸਗੋਂ ਸਿਰਫ਼ ਕਰਿਆਨਾ ਸਟੋਰ ਦੇ ਗੱਲੇ ’ਚੋਂ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕੀਤੇ। ਉਨ੍ਹਾਂ ਕਿਹਾ ਕਿ ਤਿੰਨਾਂ ਵਿਅਕਤੀਆਂ ਦੇ ਚਿਹਰੇ ਢਕੇ ਹੋਣ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਫਿਲਹਾਲ ਮੁਸ਼ਕਲ ਹੈ। ਹਾਲਾਂਕਿ, ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ’ਚ ਮਦਦ ਮਿਲ ਸਕਦੀ ਹੈ। ਬਾਕਸ,-- ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਦੁਕਾਨ ਮਾਲਕ ਵਿਕਰਮ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ’ਚ ਰਾਤ ਸਮੇਂ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਵੇਰੇ ਤੜਕਸਾਰ ਵਾਪਰੀ ਇਸ ਘਟਨਾ ਕਾਰਨ ਦੁਕਾਨਦਾਰਾਂ ’ਚ ਚਿੰਤਾ ਪੈਦਾ ਹੋਈ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰ ਕੇ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਚੋਰੀ ਹੋਈ ਨਕਦੀ ਤੇ ਕਾਗਜ਼ਾਤ ਬਰਾਮਦ ਕੀਤੇ ਜਾਣ। ਬਾਕਸ-- ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਤੱਕ ਪਹੁੰਚਦੀ ਹੈ ਤੇ ਚੋਰੀ ਹੋਈ ਨਕਦੀ ਤੇ ਕਾਗਜ਼ਾਤ ਬਰਾਮਦ ਕਰਦੀ ਹੈ।