ਹਲਕੇ ਦੇ ਲੋਕਾਂ ਦਾ ਵਿਸ਼ਵਾਸ ਤੇ ਪਿਆਰ ਮੇਰੀ ਸਭ ਤੋਂ ਵੱਡੀ ਪੂੰਜੀ : ਡਾ. ਅਰੋੜਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ
Publish Date: Tue, 03 Nov 2026 05:38 PM (IST)
Updated Date: Wed, 04 Nov 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਆਮ ਆਦਮੀ ਪਾਰਟੀ (ਆਪ) ਵੱਲੋਂ ਲਗਾਤਾਰ ਦੂਜੀ ਵਾਰ ਭਰੋਸਾ ਜਤਾਉਂਦਿਆਂ ਚੋਣ ਮੈਦਾਨ ਵਿਚ ਉਤਾਰੇ ਜਾਣ ਤੋਂ ਬਾਅਦ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨਾਮਦੇਵ ਭਵਨ ਤੋਂ ਵਿਸ਼ਾਲ ‘ਸ਼ੁਕਰਾਨਾ ਯਾਤਰਾ’ ਕੱਢੀ ਗਈ। ਯਾਤਰਾ ਦੀ ਸ਼ੁਰੂਆਤ ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਨਾਮਦੇਵ ਭਵਨ ਵਿਖੇ ਨਤਮਸਤਕ ਹੋ ਕੇ ਅਤੇ ਗੁਰੂ ਸਾਹਿਬ ਦਾ ਓਟ-ਆਸਰਾ ਲੈ ਕੇ ਸ਼ਰਧਾਪੂਰਵਕ ਕੀਤੀ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰਾਂ, ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੀ ਸ਼ਮੂਲੀਅਤ ਨਾਲ ਇਹ ਸ਼ਾਨਦਾਰ ਯਾਤਰਾ ਕੱਢੀ ਗਈ। ਯਾਤਰਾ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡਾ ਧੰਨਵਾਦ ਉਹ ਆਪਣੇ ਮੋਗਾ ਹਲਕੇ ਦੇ ਪਰਿਵਾਰ, ਹਰ ਮਾਤਾ, ਬਜ਼ੁਰਗ, ਨੌਜਵਾਨ ਸਾਥੀ ਅਤੇ ਭੈਣ ਦਾ ਕਰਦੇ ਹਨ, ਜਿਨ੍ਹਾਂ ਦੇ ਅਥਾਹ ਪਿਆਰ ਅਤੇ ਸਹਿਯੋਗ ਸਦਕਾ ਉਹ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਵੱਲੋਂ ਮਿਲਿਆ ਅਥਾਹ ਪਿਆਰ, ਸਤਿਕਾਰ ਅਤੇ ਅਟੁੱਟ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਤਾਕਤ ਅਤੇ ਸਭ ਤੋਂ ਵੱਡੀ ਪੂੰਜੀ ਹੈ। ਇਹ ਸਿਰਫ਼ ਇਕ ਸਿਆਸੀ ਸਫ਼ਰ ਨਹੀਂ, ਸਗੋਂ ਲੋਕ ਸੇਵਾ ਦਾ ਪਵਿੱਤਰ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਇਮਾਨਦਾਰੀ, ਨਿਸ਼ਠਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਲਾਕੇ ਦੇ ਵਿਕਾਸ ਲਈ ਦਿਨ-ਰਾਤ ਕੰਮ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਇਹ ‘ਸ਼ੁਕਰਾਨਾ ਯਾਤਰਾ’ ਲੋਕਾਂ ਵੱਲੋਂ ਦਿੱਤੇ ਸਾਥ, ਸਹਿਯੋਗ ਅਤੇ ਆਸ਼ੀਰਵਾਦ ਪ੍ਰਤੀ ਧੰਨਵਾਦ ਪ੍ਰਗਟਾਉਣ ਦਾ ਇੱਕ ਸਾਧਨ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੇ ਆਸ਼ੀਰਵਾਦ ਨਾਲ ਜਨ ਸੇਵਾ ਦਾ ਇਹ ਜਜ਼ਬਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਜ਼ਬੂਤੀ ਨਾਲ ਜਾਰੀ ਰਹੇਗਾ। ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਸਮਾਜਿਕ ਜਥੇਬੰਦੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਵਿਧਾਇਕ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੇਅਰ ਵਿਨੈ ਪਾਲ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਡਿਪਟੀ ਮੇਅਰ ਗੌਰਵ ਗਰਗ, ਜ਼ਿਲ੍ਹਾ ਪ੍ਰਧਾਨ ਵਰਿੰਦਰ ਸ਼ਰਮਾ ਮਧੇਕੇ, ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਲਵਲੀ ਸਿੰਗਲਾ, ਪਿਆਰਾ ਸਿੰਘ ਬੱਧਨੀ, ਸੰਜੀਵ ਨਰੂਲਾ, ਰਾਕੇਸ਼ ਸਿਤਾਰਾ, ਜਤਿੰਦਰ ਕੁਮਾਰ ਨੀਲਾ, ਰਾਕੇਸ਼ ਮਿੱਢਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ, ਬਲਾਕ ਪ੍ਰਧਾਨ, ਵਾਰਡ ਇੰਚਾਰਜ, ਯੂਥ ਵਿੰਗ ਦੇ ਆਗੂ, ਨਗਰ ਨਿਗਮ ਦੇ ਕੌਂਸਲਰ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।