ਧੁੰਦ ਤੋਂ ਮਿਲੀ ਨਿਜ਼ਾਤ ਧੁੱਪ ਨਿਕਲੀ… ਸਰ੍ਹੋਂ ਦੀ ਫ਼ਸਲ ਬਣੀ ਪੀਲਾ ਸੋਨਾ
ਪਿਛਲੇ ਕਈ ਦਿਨਾਂ ਤੋਂ ਧੁੰਦ
Publish Date: Tue, 20 Jan 2026 06:58 PM (IST)
Updated Date: Wed, 21 Jan 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਪਿਛਲੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਸੀ ਪਰ ਮੰਗਲਵਾਰ ਨੂੰ ਧੁੱਪ ਨੇ ਆਪਣੀ ਮਿੱਠੀ ਗਰਮੀ ਨਾਲ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਇਸ ਨਾਲ ਮੋਗਾ ਅਤੇ ਆਲੇਦੁਆਲੇ ਦੇ ਪਿੰਡਾਂ ਦੇ ਖੇਤਾਂ ਵਿਚ ਕੁਦਰਤ ਦਾ ਬੇਹੱਦ ਮਨਮੋਹਕ ਦ੍ਰਿਸ਼ ਬਣ ਗਿਆ। ਦੂਰ ਤੱਕ ਫ਼ੈਲੇ ਸਰੋਂ ਦੇ ਖੇਤ ਅੱਜ-ਕੱਲ੍ਹ ਪੂਰੀ ਤਰ੍ਹਾਂ ਪੀਲੇ ਰੰਗ ਵਿਚ ਰੰਗੇ ਹੋਏ ਦਿੱਸ ਰਹੇ ਹਨ, ਜੋ ਹਰ ਵੇਖਣ ਵਾਲੇ ਦਾ ਮਨ ਮੋਹ ਲੈਂਦੇ ਹਨ।
ਸਰ੍ਹੋਂ ਦੇ ਖਿੜੇ ਹੋਏ ਪੀਲੇ-ਪੀਲੇ ਫੁੱਲ ਧੁੱਪ ਵਿਚ ਇੰਝ ਚਮਕ ਰਹੇ ਹਨ, ਜਿਵੇਂ ਧਰਤੀ ਉੱਤੇ ਪੀਲਾ ਸੋਨਾ ਵਿਛਾ ਦਿੱਤਾ ਗਿਆ ਹੋਵੇ। ਹੌਲੀ-ਹੌਲੀ ਵਹਿੰਦੀ ਠੰਢੀ ਹਵਾ ਨਾਲ ਲਹਿਰਾਉਂਦੀ ਸਰ੍ਹੋਂ ਦੀ ਫ਼ਸਲ ਖੇਤਾਂ ਨੂੰ ਹੋਰ ਵੀ ਸੁੰਦਰ ਅਤੇ ਆਕਰਸ਼ਕ ਬਣਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਕੋਹਰੇ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਵਧੱਤ ਅਤੇ ਸਿਹਤ ਬਾਰੇ ਚਿੰਤਾ ਰਹੀ ਪਰ ਹੁਣ ਜਿਵੇਂ ਹੀ ਧੁੱਪ ਨਿਕਲੀ ਹੈ, ਉਨਾਂ ਦੇ ਚਿਹਰਿਆਂ ’ਤੇ ਤਸੱਲੀ ਅਤੇ ਖੁਸ਼ੀ ਸਾਫ਼ ਦਿੱਸ ਰਹੀ ਹੈ। ਮੋਗਾ ਸ਼ਹਿਰ ਨਾਲ ਲੱਗਦੇ ਖੇਤਰਾਂ ਵਿਚ ਸਰੋਂ ਦੀ ਫ਼ਸਲ ਇਸ ਵੇਲੇ ਪੂਰੀ ਰੌਣਕ ’ਤੇ ਹੈ। ਖੇਤਾਂ ਵਿਚ ਖਿੜੇ ਹੋਏ ਫੁੱਲ ਦੂਰੋਂ ਹੀ ਆਪਣੀ ਚਮਕ ਬਿਖੇਰਦੇ ਨਜ਼ਰ ਆਉਂਦੇ ਹਨ।
ਰਾਹਗੀਰ, ਸਵੇਰ ਦੀ ਸੈਰ ਕਰਨ ਵਾਲੇ ਲੋਕ ਅਤੇ ਤਸਵੀਰਾਂ ਖਿੱਚਣ ਦੇ ਸ਼ੌਕੀਨ ਇਸ ਸੁਹਾਵਣੇ ਦ੍ਰਿਸ਼ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰਦੇ ਦੇਖੇ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਮੌਸਮ ਇੰਝ ਹੀ ਸਾਫ਼ ਅਤੇ ਸੁਹਾਵਣਾ ਬਣਿਆ ਰਿਹਾ ਤਾਂ ਸਰੋਂ ਦੀ ਪੈਦਾਵਾਰ ਚੰਗੀ ਹੋਣ ਦੀ ਪੂਰੀ ਉਮੀਦ ਹੈ। ਉਨ੍ਹਾਂ ਮੁਤਾਬਿਕ ਧੁੱਪ ਅਤੇ ਹਲਕੀ ਠੰਢੀ ਹਵਾ ਸਰ੍ਹੋਂ ਦੀ ਫ਼ਸਲ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ ਜਿਸ ਨਾਲ ਦਾਣੇ ਭਰਨ ਦੀ ਪ੍ਰਕਿਰਿਆ ਹੋਰ ਵੀ ਬਿਹਤਰ ਹੋਵੇਗੀ। ਕੁਦਰਤ ਦੇ ਇਸ ਰੰਗੀਲੇ ਰੂਪ ਨੇ ਨਾ ਸਿਰਫ਼ ਕਿਸਾਨਾਂ ਨੂੰ ਉਮੀਦ ਦੀ ਨਵੀਂ ਕਿਰਨ ਦਿੱਤੀ ਹੈ ਸਗੋਂ ਸ਼ਹਿਰੀ ਲੋਕਾਂ ਲਈ ਵੀ ਇਹ ਦ੍ਰਿਸ਼ ਸਰੀਰਕ ਅਤੇ ਮਾਨਸਿਕ ਤਾਜ਼ਗੀ ਦਾ ਸਰੋਤ ਬਣ ਰਿਹਾ ਹੈ। ਮੋਗਾ ਦੇ ਨੇੜਲੇ ਖੇਤਾਂ ਵਿਚ ਲਹਿਰਾਉਂਦਦੀ ਸਰ੍ਹੋਂ ਅੱਜ-ਕੱਲ੍ਹ ਇਲਾਕੇ ਦੀ ਸ਼ਾਨ ਬਣੀ ਹੋਈ ਹੈ ਜੋ ਆਉਣ ਵਾਲੀ ਵਧੀਆ ਫ਼ਸਲ ਦੀ ਪੇਸ਼ਗੀ ਸੂਚਨਾ ਦੇ ਰਹੀ ਹੈ।