- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਿੰਡ ਖੋਸਾ ਪਾਂਡੋ ਵਿਖੇ ਕਰਵਾਏ ਗਏ ਖੇਡ ਮੁਕਾਬਲਿਆਂ ਵਿਚ ਪਿੰਡ ਘੱਲ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਘੱਲ ਕਲਾਂ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੌਰਾਨ ਅੰਡਰ-14 ਵਰਗ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ-17 ਵਰਗ ਦੀਆਂ ਵਿਦਿਆਰਥਣਾਂ ਵੀ ਪਹਿਲੇ ਸਥਾਨ ’ਤੇ ਰਹੀਆਂ। ਇਸੇ ਤਰ੍ਹਾਂ ਮੁੰਡਿਆਂ ਦੇ ਅੰਡਰ-21 ਵਰਗ ਵਿੱਚ ਵੀ ਘੱਲ ਕਲਾਂ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਖੇਡ ਸਮਰੱਥਾ ਦਾ ਲੋਹਾ ਮਨਵਾਇਆ। ਇਸ ਸ਼ਾਨਦਾਰ ਪ੍ਰਾਪਤੀ ਨਾਲ ਪਿੰਡ ਘੱਲ ਕਲਾਂ ਦੇ ਖਿਡਾਰੀਆਂ, ਵਿਦਿਆਰਥੀਆਂ, ਮਾਪਿਆਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖਿਡਾਰੀਆਂ ਵੱਲੋਂ ਕੀਤੀ ਗਈ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਮੁਕਾਬਲਿਆਂ ਵਿਚ ਮਿਲੇ ਇਨ੍ਹਾਂ ਸ਼ਾਨਦਾਰ ਸਥਾਨਾਂ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਸ ਮੌਕੇ ਕੋਚ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਬੱਚਿਆਂ ਵੱਲੋਂ ਖੇਡਾਂ ਦੀ ਤਿਆਰੀ ਲਈ ਸਖ਼ਤ ਮਿਹਨਤ ਕੀਤੀ ਗਈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਅਭਿਆਸ ਦੌਰਾਨ ਪੂਰੀ ਲਗਨ, ਅਨੁਸ਼ਾਸਨ ਅਤੇ ਹੌਸਲੇ ਨਾਲ ਤਿਆਰੀ ਕੀਤੀ, ਜਿਸ ਦਾ ਨਤੀਜਾ ਹੁਣ ਮੁਕਾਬਲਿਆਂ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਕੋਚ ਅਮਨਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਘੱਲ ਕਲਾਂ ਦੇ ਇਹ ਖਿਡਾਰੀ ਆਉਣ ਵਾਲੇ ਸਮੇਂ ਵਿਚ ਵੀ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ’ਤੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਪਿੰਡ ਵਾਸੀਆਂ ਨੇ ਵੀ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕੋਚ ਅਤੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ। ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਮੰਚਾਂ ’ਤੇ ਪਿੰਡ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸ਼ਾਨਦਾਰ ਕਾਰਗੁਜ਼ਾਰੀ ਨੇ ਖੇਡਾਂ ਪ੍ਰਤੀ ਪਿੰਡ ਵਿਚ ਵਧ ਰਹੀ ਰੁਚੀ ਨੂੰ ਵੀ ਦਰਸਾਇਆ ਹੈ।