ਮੀਰੀ-ਪੀਰੀ ਦਾ ਸਿਧਾਂਤ ਸਿੱਖ ਕੌਮ ਦੀ ਪਛਾਣ ਤੇ ਗੁਰੂ ਸਾਹਿਬਾਨ ਦੀ ਅਨਮੋਲ ਦੇਣ : ਧਾਮੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ
Publish Date: Tue, 28 Jul 2026 06:33 PM (IST)
Updated Date: Wed, 29 Jul 2026 04:10 AM (IST)
ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਅਰਦਾਸ ਉਪਰੰਤ ਮੀਰੀ-ਪੀਰੀ ਖ਼ਾਲਸਾ ਮਾਰਚ ਅਗਲੇ ਪੜਾਅ ਲਈ ਰਵਾਨਾ ਰਸਤੇ ਭਰ ਸੰਗਤਾਂ ਨੇ ਲਾਈਆਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਕੀਤਾ ਨਿੱਘਾ ਸਵਾਗਤ ਮਨਪ੍ਰੀਤ ਸਿੰਘ ਮੱਲੇਆਣਾ, ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ਮੀਰੀ-ਪੀਰੀ ਖ਼ਾਲਸਾ ਮਾਰਚ ਮੰਗਲਵਾਰ ਸਵੇਰੇ ਅਰਦਾਸ ਉਪਰੰਤ ਆਪਣੇ ਅਗਲੇ ਪੜਾਅ ਲਈ ਪੂਰੇ ਧਾਰਮਿਕ ਜੋਸ਼ ਅਤੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਰਵਾਨਾ ਹੋ ਗਿਆ। ਗੁਰੂ ਘਰ ਵਿਚ ਹੋਈ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਨੇ ਮਾਰਚ ਨੂੰ ਵਿਦਾ ਕੀਤਾ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈਆਂ ਸਨ ਅਤੇ ਪੰਥਕ ਉਤਸ਼ਾਹ ਨਾਲ ਮਾਰਚ ਵਿਚ ਸ਼ਾਮਲ ਹੋਈਆਂ। ਮਾਰਚ ਦੇ ਰਸਤੇ ਦੌਰਾਨ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ। ਸੇਵਾਦਾਰਾਂ ਨੇ ਪੂਰੀ ਸ਼ਰਧਾ ਅਤੇ ਸੇਵਾ-ਭਾਵਨਾ ਨਾਲ ਮਾਰਚ ਵਿਚ ਸ਼ਾਮਲ ਸੰਗਤਾਂ ਨੂੰ ਠੰਡਾ ਜਲ ਅਤੇ ਹੋਰ ਪ੍ਰਸ਼ਾਦ ਛਕਾਇਆ। ਥਾਂ-ਥਾਂ ਫੁੱਲਾਂ ਦੀ ਵਰਖਾ, ਸਤਿਕਾਰ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਗੁਰਮਈ ਰੰਗ ਵਿਚ ਰੰਗਿਆ ਹੋਇਆ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਗਰੇਵਾਲ) ਦੇ ਆਗੂ ਗੁਰਚਰਨ ਸਿੰਘ ਗਰੇਵਾਲ, ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੰਗਾ ਸਿੰਘ ਜੀ, ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਸੰਤ-ਮਹਾਂਪੁਰਖ, ਪੰਥਕ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ-ਪੀਰੀ ਦਾ ਸਿਧਾਂਤ ਸਿੱਖ ਕੌਮ ਦੀ ਵਿਲੱਖਣ ਪਛਾਣ ਹੈ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ਿਆ ਗਿਆ ਇਕ ਮਹਾਨ ਫ਼ਲਸਫ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਰੂਹਾਨੀਅਤ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਸੁੰਦਰ ਸੁਮੇਲ ਹੈ, ਜੋ ਸਿੱਖਾਂ ਨੂੰ ਧਰਮ ਦੀ ਰੱਖਿਆ, ਇਨਸਾਫ਼ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਸਿਰਫ਼ ਇਕ ਧਾਰਮਿਕ ਯਾਤਰਾ ਨਹੀਂ, ਸਗੋਂ ਸਿੱਖ ਕੌਮ ਨੂੰ ਆਪਣੇ ਸ਼ਾਨਦਾਰ ਇਤਿਹਾਸ, ਅਮੀਰ ਵਿਰਸੇ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦਾ ਇਕ ਮਹਾਨ ਪੰਥਕ ਉਪਰਾਲਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਗੁਰਬਾਣੀ ਅਤੇ ਸਿੱਖੀ ਸਰੂਪ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਇਤਿਹਾਸਕ ਵਿਰਸੇ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਧਾਮੀ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਗੁਰਬਾਣੀ, ਗੁਰੂ ਘਰ ਅਤੇ ਸਿੱਖੀ ਸਰੂਪ ਨਾਲ ਦ੍ਰਿੜਤਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ, ਆਪਸੀ ਏਕਤਾ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੀ ਰੱਖਿਆ ਲਈ ਹਰ ਸਿੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੰਗਾ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਮਾਰਚ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਨੂੰ ਵੀ ਸਲਾਮ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ਅਤੇ ਸੰਗਤ ਦੀ ਚੜ੍ਹਦੀ ਕਲਾ ਹੀ ਸਿੱਖੀ ਦੀ ਅਸਲ ਪਛਾਣ ਹੈ। ਮਾਰਚ ਦੇ ਰਵਾਨਾ ਹੋਣ ਸਮੇਂ ਸਮੁੱਚਾ ਮਾਹੌਲ ਗੁਰਬਾਣੀ ਦੇ ਕੀਰਤਨ, ਜੈਕਾਰਿਆਂ ਅਤੇ ਪੰਥਕ ਜਜ਼ਬੇ ਨਾਲ ਸਰਾਬੋਰ ਸੀ। ਰਸਤੇ ਭਰ ਸੰਗਤਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਸੇਵਾ-ਭਾਵਨਾ ਨੇ ਇਸ ਧਾਰਮਿਕ ਯਾਤਰਾ ਨੂੰ ਹੋਰ ਵੀ ਯਾਦਗਾਰ ਅਤੇ ਪ੍ਰੇਰਨਾਦਾਇਕ ਬਣਾ ਦਿੱਤਾ।