ਡਾਇਰੈਕਟਰ ਭਲਾਈ ਵਿਭਾਗ਼ ਦੇ ਦਫ਼ਤਰ ਦਾ ਘਿਰਾਓ 15 ਨੂੰ ਐੱਸਸੀ /ਬੀਸੀ ਅਧਿ ਆਪਕ ਯੂਨੀਅਨ
Publish Date: Thu, 10 Sep 2026 03:32 PM (IST)
Updated Date: Thu, 10 Sep 2026 03:34 PM (IST)
ਪੱਤਰ ਪ੍ਰੇਰਕ ਪੰਜਾਬ ਜਾਗਰਣ, ਮੋਗਾ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਮੋਗਾ ਇਕਾਈ ਦੀ ਵਰਚੂਅਲ ਮੀਟਿੰਗ ਅਮਨਦੀਪ ਸਿੰਘ ਸਾਹੋਕੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਚ ਹੋਈ ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵੱਲੋਂ 15 ਸਤੰਬਰ ਨੂੰ 1013 ਲੈਕਚਰਾਰ ਸਿੱਧੀ ਭਰਤੀ ’ਚ ਐੱਸਸੀ 25 ਫ਼ੀਸਦੀ ਅਤੇ ਬੀਸੀ 12 ਫ਼ੀਸਦੀ ਵਰਗ ਬਣਦਾ ਰਾਖਵਾਂ ਕੋਟਾ ਨਾ ਦੇਣ ਦੇ ਰੋਸ ਵਜੋਂ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ’ਤੇ ਘੱਟ ਗਿਣਤੀ ਵਿਭਾਗ਼ ਫੇਸ 1 ਮੋਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਡਾਇਰੈਕਟਰ ਭਲਾਈ ਵਿਭਾਗ ਦੇ ਪੁਤਲੇ ਫੂਕ ਕੇ ਜੋਰਦਾਰ ਰੋਸ ਮੁਜਾ਼ਹਰਾ ਕੀਤਾ ਜਾਵੇਗਾ। ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ ਅਤੇ ਵੀਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਤਹਿਤ 1013 ਲੈਕਚਰਾਰ ਸਿੱਧੀ ਭਰਤੀ ਵਿਚ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ। ਇਸ ਮਸਲੇ ਦੇ ਸੁਖਾਵੇਂ ਹੱਲ ਲਈ ਸਟੇਟ ਕਮੇਟੀ ਵੱਲੋਂ ਪ੍ਰਿੰਸੀਪਲ ਸਕੱਤਰ ਭਲਾਈ ਵੀ ਕੇ ਮੀਣਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਇਨਾਂ ਮੀਟਿੰਗਾਂ ਵਿਚ ਆਗੂਆਂ ਵੱਲੋਂ ਤੱਥਾਂ ਸਹਿਤ ਸਿੱਧ ਕੀਤਾ ਅਤੇ ਸਬੂਤ ਦੇ ਕੇ ਪੱਖ ਰੱਖਿਆ ਕਿ ਵੱਖ-ਵੱਖ ਵਿਸ਼ਿਆਂ ਵਿਚ ਆਪਣੀ ਮੈਰਿਟ ਦੇ ਅਧਾਰ ’ਤੇ ਭਰਤੀ ਹੋਏ ਐੱਸਸੀ, ਬੀਸੀ ਉਮੀਦਵਾਰਾਂ ਨੂੰ ਹੀ ਰੋਸਟਰ ਨੁਕਤਿਆਂ ਤੇ ਲਗਾਇਆ ਗਿਆ ਹੈ ਜੋ ਰਾਖਵਾਂਕਰਨ ਨੀਤੀ, ਆਰਕੇ ਸੱਭਰਵਾਲ ਕੇਸ, ਭਲਾਈ ਵਿਭਾਗ ਦੀਆਂ 10 ਜੁਲਾਈ 1995 ਦੀਆਂ ਹਦਾਇਤਾਂ ਦੀ ਸ਼ਰ੍ਹੇਆਮ ਉਲੰਘਣਾ ਹੈ। ਆਗੂਆਂ ਨੇ ਮੰਗ ਕੀਤੀ ਕਿ 1013 ਲੈਕਚਰਾਰ ਭਰਤੀ ਵਿਚ ਬਣਦਾ ਰਾਖਵਾਂ ਕੋਟਾ ਦੇਣ ਬਾਰੇ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਐੱਸਸੀ, ਬੀਸੀ ਵਰਗ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਵੇਗਾ। ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਨਰਿੰਦਰ ਕੌਰ,ਮੀਤ ਪ੍ਰਧਾਨ ਮਨਦੀਪ ਕੌਰ ਮਹਿਣਾ ,ਵਿੱਤ ਸਕੱਤਰ ਰਾਜਪਾਲ ਸਿੰਘ, ਹੈਪੀ ਸਿੰਘ, ਪ੍ਰੈੱਸ ਸਕੱਤਰ ਕੁਲਦੀਪ ਸਿੰਘ ਦਾਤੇਵਾਲ ,ਮੁੱਖ ਸਲਾਹਕਾਰ ਸੁਖਚੈਨ ਸਿੰਘ ਹੀਰਾ ,ਆਰ ਟੀ ਆਈ ਇੰਚਰਾਜ ਅਜੀਤਪਾਲ ਸਿੰਘ, ਸਕੱਤਰ ਗੁਰਵਿੰਦਰ ਸਿੱਘ ਢੈਪਈ, ਪ੍ਰਚਾਰ ਸਕੱਤਰ ਸ਼ਮਸੇਰ ਸਿੰਘ ,ਲੀਗ ਐਡਵਾਇਜ਼ਰ ਸੁਖਚੈਨ ਸਿੰਘ ਆਦਿ ਸ਼ਾਮਿਲ ਸਨ।