ਸਰਕਾਰੀ ਹਾਈ ਸਕੂਲ ਮਸੀਤਾਂ 'ਚ ਨਵੇਂ ਸੈਸ਼ਨ ਦੀ ਸ਼ੁਰੂਆਤ
ਸਰਕਾਰੀ ਹਾਈ ਸਕੂਲ ਮਸੀਤਾਂ ਵਿਚ
Publish Date: Sun, 05 Apr 2026 05:04 PM (IST)
Updated Date: Mon, 06 Apr 2026 04:02 AM (IST)

ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਕਾਪੀਆਂ ਤਕਸੀਮ ਕੀਤੀਆਂ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸਰਕਾਰੀ ਹਾਈ ਸਕੂਲ ਮਸੀਤਾਂ ਵਿਚ ਸੈਸ਼ਨ 2026-2027 ਦੀ ਸ਼ੁਰੂਆਤ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਸਕੂਲ ਪ੍ਰੰਗਣ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਛੇਵੀਂ ਜਮਾਤ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਨਵੇਂ ਵਿਦਿਆਰਥੀਆਂ ਨੂੰ ਸਕੂਲੀ ਬੈਗ ਅਤੇ ਛੇ-ਛੇ ਕਾਪੀਆਂ ਵੰਡ ਕੇ ਉਨ੍ਹਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ। ਸਮਾਗਮ ਵਿਚ ਪਰਮਜੀਤ ਸਿੰਘ, ਮੈਂਬਰ ਬਲਾਕ ਸੰਮਤੀ ਪਿੰਡ ਮਸੀਤਾਂ ਅਤੇ ਸਤਵੰਤ ਸਿੰਘ, ਸਰਪੰਚ ਪ੍ਰੀਤਮ ਨਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨਾਂ ਦੌਰਾਨ ਸਿੱਖਿਆ ਦੀ ਮਹੱਤਤਾ ਉਤੇ ਜੋਰ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਸਿੱਖਿਆ ਹੀ ਉਹ ਮਜ਼ਬੂਤ ਹਥਿਆਰ ਹੈ ਜੋ ਬੱਚਿਆਂ ਨੂੰ ਜੀਵਨ ਵਿਚ ਕਾਮਯਾਬ ਬਣਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਅਤੇ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਚਮਕੌਰ ਸਿੰਘ ਸਿੱਧੂ ਨੇ ਸਮਾਗਮ ਦੀ ਅਗਵਾਈ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਸਰਵਪੱਖੀ ਵਿਕਾਸ ਲਈ ਸਮੂਹ ਸਟਾਫ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ, ਸਗੋਂ ਚੰਗੇ ਸੰਸਕਾਰਾਂ ਅਤੇ ਅਨੁਸ਼ਾਸਨ ਦੀ ਨਿਰਮਾਣ ਵੀ ਕਰਦੀ ਹੈ। ਇਸ ਮੌਕੇ ਛੇਵੀਂ, ਸੱਤਵੀਂ ਅਤੇ ਨੌਵੀਂ ਜਮਾਤ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਹੋਰ ਵਿਦਿਆਰਥੀਆਂ ਵਿਚ ਵੀ ਉਤਸ਼ਾਹ ਵਧਿਆ। ਇਸਦੇ ਨਾਲ ਹੀ ਸਰਕਾਰ ਵੱਲੋਂ ਸਕੂਲ ਨੂੰ ਪ੍ਰਾਪਤ ਹੋਏ ਦੋ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਵੀ ਕੀਤਾ ਗਿਆ। ਮੁੱਖ ਅਧਿਆਪਕ ਚਮਕੌਰ ਸਿੰਘ ਸਿੱਧੂ ਅਤੇ ਪਰਮਜੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਇਸ ਉਦਘਾਟਨ ਦੌਰਾਨ ਕਿਹਾ ਗਿਆ ਕਿ ਇਹ ਪੈਨਲ ਵਿਦਿਆਰਥੀਆਂ ਨੂੰ ਡਿਜ਼ੀਟਲ ਸਿੱਖਿਆ ਨਾਲ ਜੋੜਦੇ ਹੋਏ ਪੜ੍ਹਾਈ ਨੂੰ ਹੋਰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣਗੇ। ਸਮਾਗਮ ਦੀ ਸਫਲਤਾ ਵਿਚ ਸਕੂਲ ਦੇ ਸਮੂਹ ਸਟਾਫ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ। ਕੰਪਿਊਟਰ ਅਧਿਆਪਕ ਸ. ਗੁਰਵਿੰਦਰ ਸਿੰਘ ਨੇ ਤਕਨੀਕੀ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਸੰਭਾਲਿਆ ਅਤੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਜਾਣੂ ਕਰਵਾਇਆ। ਪੀਟੀਆਈ ਹੀਰਾ ਸਿੰਘ ਨੇ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਕ੍ਰਮ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅਕਾਦਮਿਕ ਮੋਰਚੇ ਤੇ ਅੰਗਰੇਜ਼ੀ ਅਧਿਆਪਕਾ ਪੂਨਮ ਮਦਾਨ, ਗਣਿਤ ਅਧਿਆਪਕਾ ਵੀਰਪਾਲ ਕੌਰ ਅਤੇ ਵਿਗਿਆਨ ਅਧਿਆਪਿਕਾ ਰਾਜਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬੀ ਅਧਿਆਪਕਾ ਹਰਵਿੰਦਰ ਕੌਰ ਅਤੇ ਸਮਾਜਿਕ ਅਧਿਆਪਕਾ ਸੁਨੀਤਾ ਦੇਵੀ ਨੇ ਵਿਦਿਆਰਥੀਆਂ ਵਿਚ ਨੈਤਿਕ ਮੁੱਲਾਂ ਅਤੇ ਸੱਭਿਆਚਾਰਕ ਜਾਣਕਾਰੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਮਿਡ ਡੇ ਮੀਲ ਕੁਕ ਨਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੀ ਸਹੂਲਤ ਅਤੇ ਸਮਾਗਮ ਦੀ ਸੁਚਾਰੂ ਵਿਵਸਥਾ ਵਿਚ ਆਪਣਾ ਯੋਗਦਾਨ ਪਾਇਆ। ਅੰਤ ਵਿਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਸਟਾਫ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿੱਖਿਆ ਪ੍ਰੇਰਕ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।