ਅਕਾਲੀ ਦਲ ਦੀ ਚਿਤਾਵਨੀ ਤੋਂ ਬਆਦ ਜਾਗਿਆ ਨਿਗਮ
ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ
Publish Date: Tue, 17 Feb 2026 06:09 PM (IST)
Updated Date: Wed, 18 Feb 2026 04:10 AM (IST)

ਨਿਗਾਹਾ ਰੋਡ ਦੀ ਮੁਰੰਮਤ ਸ਼ੁਰੂ, ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਉਰਫ਼ ਸਨੀ ਗਿੱਲ ਦੇ ਯਤਨਾਂ ਨਾਲ ਨਿਗਾਹਾ ਰੋਡ ‘ਤੇ ਜ਼ਮੀਨ ਵਿਚ ਧਸੀ ਸੜਕ ਦੀ ਮੁਰੰਮਤ ਦਾ ਕੰਮ ਆਖ਼ਿਰਕਾਰ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕਾਫ਼ੀ ਸਮੇਂ ਤੋਂ ਲੰਬਿਤ ਪਈ ਇਸ ਸਮੱਸਿਆ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਵੱਧ ਰਿਹਾ ਸੀ। ਜਾਣਕਾਰੀ ਅਨੁਸਾਰ ਲਗਪਗ 15 ਦਿਨ ਪਹਿਲਾਂ ਨਿਗਾਹਾ ਰੋਡ ‘ਤੇ ਸੜਕ ਦਾ ਇਕ ਛੋਟਾ ਹਿੱਸਾ ਅਚਾਨਕ ਧੱਸ ਗਿਆ ਸੀ। ਸ਼ੁਰੂਆਤੀ ਤੌਰ ‘ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਮੌਕੇ ‘ਤੇ ਇੱਕ ਟਰਾਲੀ ਰੱਖ ਕੇ ਰਸਤਾ ਨਿਸ਼ਾਨਜ਼ਦ ਕੀਤਾ, ਪਰ ਉਸ ਤੋਂ ਬਾਅਦ ਮੁਰੰਮਤ ਸੰਬੰਧੀ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਲਗਾਤਾਰ ਅਣਗਹਿਲੀ ਕਾਰਨ ਇਹ ਖੱਡਾ ਵਧਦਿਆਂ-ਵਧਦਿਆਂ ਕਰੀਬ 15 ਤੋਂ 16 ਫੁੱਟ ਗਹਿਰਾ ਹੋ ਗਿਆ, ਜਿਸ ਨਾਲ ਆਸ-ਪਾਸ ਦੇ ਨਿਵਾਸੀਆਂ ਅਤੇ ਰਾਹਗੀਰਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਲਕਾ ਇੰਚਾਰਜ ਸਨੀ ਗਿੱਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਤੁਰੰਤ ਮੁਰੰਮਤ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਦੋ ਦਿਨਾਂ ਦੇ ਅੰਦਰ ਇਲਾਕਾ ਵਾਸੀਆਂ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਮੰਗਲਵਾਰ ਨੂੰ ਉਨ੍ਹਾਂ ਨੇ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਤੁਰੰਤ ਹੱਲ ਦੀ ਮੰਗ ਕੀਤੀ। ਨਿਗਮ ਕਮਿਸ਼ਨਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਬੰਧਤ ਵਿਭਾਗ ਨੂੰ ਮੁਰੰਮਤ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਤੋਂ ਬਾਅਦ ਮੌਕੇ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਸਥਾਨਕ ਵਸਨੀਕਾਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਹੀ ਸੜਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਵਾਜਾਈ ਯੋਗ ਬਣ ਜਾਵੇਗੀ। ਇਸ ਤੋਂ ਇਲਾਵਾ ਸਨੀ ਗਿੱਲ ਨੇ ਵਾਰਡ ਨੰਬਰ 44 ਵਿਚ ਬਕਾਇਆ ਪਏ ਦੋ ਹੋਰ ਵਿਕਾਸ ਕਾਰਜਾਂ ਨੂੰ ਵੀ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚ ਗੁਰੂ ਰਾਮਦਾਸ ਨਗਰ ਦੀ ਗਲੀ ਨੰਬਰ 3 ਅਤੇ ਹਰਦੇਵ ਨਗਰ ਦੀ ਇਕ ਹੋਰ ਗਲੀ ਦਾ ਨਿਰਮਾਣ ਕਾਰਜ ਸ਼ਾਮਲ ਹੈ। ਦੋਵਾਂ ਕੰਮਾਂ ਦੇ ਟੈਂਡਰ 19 ਜਨਵਰੀ ਨੂੰ ਜਾਰੀ ਹੋ ਚੁੱਕੇ ਹਨ, ਪਰ ਹੁਣ ਤੱਕ ਮੌਕੇ ‘ਤੇ ਕੰਮ ਦੀ ਸ਼ੁਰੂਆਤ ਨਹੀਂ ਹੋਈ। ਸਨੀ ਗਿੱਲ ਨੇ ਕਿਹਾ ਕਿ ਇਨ੍ਹਾਂ ਕਾਰਜਾਂ ਵਿਚ ਹੋ ਰਹੀ ਦੇਰੀ ਕਾਰਨ ਇਲਾਕੇ ਦੀ ਜਨਤਾ ਵਿਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਿਗਮ ਕਮਿਸ਼ਨਰ ਇਕ ਜ਼ਿੰਮੇਵਾਰ ਅਤੇ ਗੰਭੀਰ ਅਧਿਕਾਰੀ ਹਨ ਅਤੇ ਬਾਕੀ ਕੰਮ ਵੀ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦਿੱਤੇ ਜਾਣਗੇ। ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਜੇ ਪ੍ਰਸ਼ਾਸਨ ਸਮੇਂ ਸਿਰ ਧਿਆਨ ਦੇਵੇ ਤਾਂ ਅਜਿਹੀਆਂ ਸਥਿਤੀਆਂ ਪੈਦਾ ਨਾ ਹੋਣ। ਫਿਲਹਾਲ ਨਿਗਾਹਾ ਰੋਡ ‘ਤੇ ਸ਼ੁਰੂ ਹੋਇਆ ਮੁਰੰਮਤ ਕੰਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ।