- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਧੂ ਖਾਣਾ ਨਾ ਸੁੱਟੋ, ਲੋੜਵੰਦਾਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਵਾਧੂ ਖਾਣਾ ਨਾ ਸੁੱਟੋ, ਲੋੜਵੰਦਾਂ ਤੱਕ ਪਹੁੰਚਾਓ ਵਾਧੂ ਕੱਪੜੇ, ਕਿਤਾਬਾਂ ਨੂੰ ਰੱਦੀ ਵਿਚ ਵੇਚਣ ਦੀ ਬਜਾਏ ਬੱਚਿਆਂ ਦੇ ਕੰਮ ਲਿਆਉਣ ਦੀ ਲੋੜ ਦੇ ਸੁਨੇਹੇ ਨੂੰ ਕਲਕੱਤਾ ਤੋਂ ਸਾਇਕਲ ਯਾਤਰਾ ’ਤੇ ਤੁਰੇ ਰੋਸੁਨ ਮੁਨਸੀ ਦਾ ਮੋਗਾ ਵਿਖੇ ਪਹੁੰਚਣ ’ਤੇ ਇਲੈਕਟ੍ਰੋ ਹੋਮਿਓਪੈਥੀ ਦੇ ਮਾਹਿਰ ਈਡੀਐੱਮਏ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਅਤੇ ਸਰਕਾਰੀ ਸਮਾਰਟ ਸਕੂਲ ਗੋਧੇਵਾਲਾ ਦੇ ਸਮੂਹ ਸਟਾਫ਼ ਨੇ ਭਰਵਾਂ ਸਵਾਗਤ ਕੀਤਾ। ਰੋਸੁਨ ਮੁਨਸੀ ਨੇ ਕਿਹਾ ਕਿ ਸਮਾਜ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਅੱਜ ਵੱਡੀ ਲੋੜ ਹੈ। ਅਕਸਰ ਘਰਾਂ, ਵਿਆਹ ਸਮਾਗਮਾਂ, ਹੋਟਲਾਂ ਅਤੇ ਹੋਰ ਸਮਾਜਿਕ ਸਮਾਗਮਾਂ ਵਿਚ ਵਾਧੂ ਖਾਣਾ ਬਚ ਜਾਂਦਾ ਹੈ, ਜਿਸ ਨੂੰ ਕਈ ਵਾਰ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਘਰਾਂ ਵਿਚ ਪਏ ਵਾਧੂ ਕੱਪੜੇ ਅਤੇ ਪੁਰਾਣੀਆਂ ਕਿਤਾਬਾਂ ਵੀ ਬਿਨ੍ਹਾਂ ਕਿਸੇ ਵਰਤੋਂ ਦੇ ਪਈਆਂ ਰਹਿੰਦੀਆਂ ਹਨ ਜਾਂ ਰੱਦੀ ਵਿਚ ਵੇਚ ਦਿੱਤੀਆਂ ਜਾਂਦੀਆਂ ਹਨ। ਜੇਕਰ ਲੋਕ ਆਪਣੀ ਸੋਚ ਵਿਚ ਬਦਲਾਅ ਲਿਆਉਣ ਤਾਂ ਇਹੀ ਚੀਜ਼ਾਂ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਨ ਦੇ ਨਾਲ-ਨਾਲ ਸਮਾਜ ਵਿਚ ਇਕ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਇਸੇ ਤਰ੍ਹਾਂ ਪੁਰਾਣੀਆਂ ਪਾਠ ਪੁਸਤਕਾਂ, ਕਹਾਣੀਆਂ ਦੀਆਂ ਕਿਤਾਬਾਂ ਅਤੇ ਹੋਰ ਪੜ੍ਹਨਯੋਗ ਸਮੱਗਰੀ ਨੂੰ ਰੱਦੀ ਵਿਚ ਵੇਚਣ ਦੀ ਬਜਾਏ ਉਨ੍ਹਾਂ ਬੱਚਿਆਂ ਤੱਕ ਪਹੁੰਚਾਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਇਨ੍ਹਾਂ ਦੀ ਲੋੜ ਹੈ। ਇਕ ਵਿਦਿਆਰਥੀ ਦੀ ਵਰਤੀ ਹੋਈ ਕਿਤਾਬ ਕਿਸੇ ਦੂਜੇ ਵਿਦਿਆਰਥੀ ਦੀ ਪੜ੍ਹਾਈ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਡਾ. ਜਗਤਾਰ ਸਿੰਘ ਸੇਖੋਂ ਅਤੇ ਸਕੂਲ ਸਟਾਫ਼ ਨੇ ਕਿਹਾ ਕਿ ਲੋੜ ਹੈ ਸਮਾਜ ਸੇਵੀ ਸੰਸਥਾਵਾਂ, ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਆਮ ਲੋਕਾਂ ਵੱਲੋਂ ਮਿਲ ਕੇ ਅਜਿਹੀ ਪਹਿਲਕਦਮੀ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਕੋਈ ਵੀ ਵਰਤੋਂਯੋਗ ਚੀਜ਼ ਬੇਕਾਰ ਨਾ ਜਾਵੇ ਅਤੇ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਲਈ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਅੱਗੇ ਆਉਣ ਦੀ ਲੋੜ ਹੈ।