- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਦੋ ਵਾਰ ਸਟੇਟ ਐਵਾਰਡ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਵੱਲੋਂ ਦੋ ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਸੰਸਥਾ ਐਂਟੀ ਕੁਰੱਪਸ਼ਨ ਅਵੇਰਨੈਸ ਔਰਗਨਾਈਜੇਸ਼ਨ ਪੰਜਾਬ ਅਤੇ ਸੋਹਣਾ ਮੋਗੇ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਹਰ ਸਾਲ ਕਰਵਾਏ ਜਾਂਦੇ ਧੀਆਂ ਦੀ ਲੋਹੜੀ ਦੇ ਮੇਲੇ ਅਤੇ ਤੀਆਂ ਦੇ ਮੇਲੇ ਦੀ ਲੜੀ ਤਹਿਤ ਇਸ ਵਾਰ 21ਵਾਂ ਮੇਲਾ ਤੀਆਂ ਦਾ ਬੜੇ ਉਤਸ਼ਾਹ ਨਾਲ 8 ਅਤੇ 9 ਅਗਸਤ ਨੂੰ ਨੇਚਰ ਪਾਰਕ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮੇਂ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ 16 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ, ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਾਂਭਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਮੁੱਖ ਉਦੇਸ਼ ਨਵੀਂ ਪੀੜੀ ਨੂੰ ਮੋਬਾਈਲ ਦੀ ਦੁਨੀਆ ਵਿਚੋਂ ਬਾਹਰ ਕੱਢ ਕੇ ਪੰਜਾਬੀ ਸੱਭਿਆਚਾਰ, ਲੋਕ ਰਿਵਾਜਾਂ ਅਤੇ ਵਿਰਸੇ ਨਾਲ ਜੋੜਨਾ ਹੈ। ਇਸ ਦੋ ਰੋਜ਼ਾ ਮੇਲੇ ਵਿਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਨ ਵਾਲੀਆਂ ਕਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਮੇਲੇ ਵਿਚ ਗਿੱਧਾ, ਭੰਗੜਾ, ਪੀਂਘਾਂ, ਮਹਿੰਦੀ, ਪੰਜਾਬੀ ਪਹਿਰਾਵੇ, ਧੀਆਂ ਲਈ ਵਿਸ਼ੇਸ਼ ਸਨਮਾਨ, ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ, ਕਈ ਮਨੋਰੰਜਕ ਪ੍ਰੋਗਰਾਮ ਆਕਰਸ਼ਣ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਸੈਲਫੀ ਪੌਇੰਟ, ਮੁਫ਼ਤ ਐਂਟਰੀ, ਚਾਂਦੀ ਦੇ ਸਿੱਕੇ ਅਤੇ ਸੈਂਕੜਿਆਂ ਇਨਾਮਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦਾ ਸਮਾਂ ਸ਼ਾਮ 4:30 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਨੇਚਰ ਪਾਰਕ ਮੋਗਾ ਵਿਖੇ ਹਰ ਵਰਗ ਦੇ ਲੋਕਾਂ ਲਈ ਖੁੱਲ੍ਹਾ ਰਹੇਗਾ। ਇਸ ਸਮੇਂ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ, ਸਤਨਾਮ ਸਿੰਘ ਗਿੱਲ, ਰਾਕੇਸ਼ ਸਿਤਾਰਾ, ਧੀਰਜ ਮਨੋਚਾ, ਜਗਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਗੱਬਰ, ਵਰਿੰਦਰ ਕੁਮਾਰ, ਮਨਮੋਹਨ ਸਿੰਘ ਬਿੰਦਰਾ, ਗੁਰਬਚਨ ਸਿੰਘ, ਰਾਜਿੰਦਰ ਸਿੰਘ, ਸੰਦੀਪ ਧਾਮੀ, ਰੁਪਿੰਦਰਜੀਤ ਸਿੰਘ ਜੋਹਨੀ, ਸੰਜੀਵ ਕੁਮਾਰ, ਅਮਨਦੀਪ ਗੋਇਲ ਆਦਿ ਅਹੁਦੇਦਾਰਾਂ ਨੇ ਸਮੂਹ ਪੰਜਾਬ ਵਾਸੀਆਂ, ਖਾਸ ਕਰਕੇ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਸੱਭਿਆਚਾਰਕ ਮਹਾਂ-ਉਤਸਵ ਵਿਚ ਸ਼ਾਮਲ ਹੋ ਕੇ ਪੰਜਾਬੀ ਵਿਰਸੇ ਨਾਲ ਜੁੜਨ ਅਤੇ ਆਪਣੀਆਂ ਧੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜਾਣੂ ਕਰਵਾਉਣ।