ਪੰਡਤ ਸੋਮ ਨਾਥ ਰੋਡਿਆਂ ਵਾਲਿਆਂ ਦਾ ਸਨਮਾਨ 28 ਮਾਰਚ ਨੂੰ
ਪੰਜਾਬ ਦੇ ਪ੍ਰਸਿੱਧ ਕਵੀਸ਼ਰੀ
Publish Date: Wed, 25 Mar 2026 03:59 PM (IST)
Updated Date: Thu, 26 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਦੇ ਪ੍ਰਸਿੱਧ ਕਵੀਸ਼ਰੀ ਪੰਡਤ ਸੋਮ ਨਾਥ ਰੋਡਿਆਂ ਵਾਲੇ ਜਿਸ ਨੂੰ ਕਵਿਤਾ ਤੇ ਕਵੀਸ਼ਰੀ ਦਾ ਰਾਜਾ ਮੰਨਿਆ ਜਾਂਦਾ ਹੈ, ਨੇ ਕਵੀਸ਼ਰੀ ਦੇ ਖੇਤਰ ਵਿਚ ਆਪਣੇ ਵਿਸ਼ੇਸ਼ ਯੋਗਦਾਨਾਂ ਨਾਲ ਇਕ ਵਿਸ਼ਾਲ ਪਛਾਣ ਬਣਾਈ ਹੈ ਅਤੇ ਪਿੰਡ ਰੋਡੇ ਅਤੇ ਆਪਣੇ ਪਿਤਾ ਕਵੀਸ਼ਰ ਰਾਮ ਜੀ ਦਾਸ ਦਾ ਨਾਮ ਸਾਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਇਸ ਕਲਾਕਾਰ ਦੀਆਂ ਰਚਨਾਵਾਂ ਨੇ ਨਾ ਸਿਰਫ਼ ਪੰਜਾਬੀ ਸਾਹਿਤ ਨੂੰ ਨਵੀਂ ਉਚਾਈਆਂ ’ਤੇ ਪਹੁੰਚਾਇਆ ਹੈ, ਸਗੋਂ ਉਨ੍ਹਾਂ ਦੇ ਕੰਮ ਨੇ ਲੋਕਾਂ ਦੇ ਦਿਲਾਂ ਵਿਚ ਵੀ ਇਕ ਖ਼ਾਸ ਥਾਂ ਬਣਾਈ ਹੈ। ਉਨ੍ਹਾਂ ਦੀ ਕਵਿਤਾ ਵਿਚ ਧਾਰਮਿਕ ਗਹਿਰਾਈ, ਸੁੰਦਰ ਭਾਵਨਾ ਅਤੇ ਸਮਾਜਿਕ ਸਚਾਈਆਂ ਦੀਆਂ ਚਿੰਤਾਵਾਂ ਹਨ, ਜੋ ਉਨ੍ਹਾਂ ਨੂੰ ਇਕ ਅਸਲ ਕਲਾਕਾਰ ਬਣਾਉਂਦੀਆਂ ਹਨ ਜੋ ਇਕ ਵਿਲੱਖਣ ਅਤੇ ਦਿਲਚਸਪ ਵਿਚਾਰਾਂ ਦੀ ਸਿਰਜਣਾ ਕਰਦੀ ਹੋਈ, ਇਕ ਮਹਾਨ ਸ਼ਖ਼ਸੀਅਤ ਨੂੰ ਦਰਸਾਉਂਦੀ ਹੈ। ਪੰਡਤ ਸੋਮ ਨਾਥ ਦਾ ਜਨਮ ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਚ 1952 ਵਿਚ ਮਾਤਾ ਗੰਗੋ ਰਾਣੀ ਦੇ ਕੁੱਖੋਂ ਹੋਇਆ। ਪਿਤਾ ਰਾਮ ਜੀ ਦਾਸ ਤੋਂ ਕਵੀਸ਼ਰੀ ਦੀ ਗੁੜ੍ਹਤੀ ਮਿਲੀ ਅਤੇ 1966 ਵਿਚ ਉਨ੍ਹਾਂ ਨੇ ਆਪਣੀ ਕਵੀਸ਼ਰੀ ਦਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਸਾਰੇ ਧਰਮਾਂ ਦੇ ਇਤਿਹਾਸ ਦੇ ਗਿਆਨ ਪ੍ਰਾਪਤ ਕੀਤੇ ਤਾ ਹੀ ਹਰੇਕ ਧਾਰਮਿਕ ਸਥਾਨ ’ਤੇ ਪਹੁੰਚ ਕੇ ਉਨ੍ਹਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ, ਵਿਸ਼ੇਸ਼ ਤੌਰ ’ਤੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਦਰਸਾਉਣ ਲਈ ਵਿਸ਼ੇਸ਼ ਰੂਪ ਵਿਚ ਕਵਿਤਾਵਾਂ ਪੇਸ਼ ਕਰਨ ਦੇ ਯਤਨ ਕੀਤੇ। ਉਨ੍ਹਾਂ ਨੂੰ ਕਵੀਸ਼ਰੀ ਖੇਤਰ ਵਿਚ ਦੁਨੀਆਂ ਦੇ ਪ੍ਰਸਿੱਧ ਮੇਲਿਆਂ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ ਅਤੇ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਵਿਚ ਗੋਲ਼ਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਪਿਛਲੇ ਛੇ ਦਹਾਕਿਆਂ ਤੋਂ ਆਪਣੇ ਹੁਨਰ ਨਾਲ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਢੰਗ ਨਾਲ ਕਵੀਸ਼ਰੀ ਰਾਹੀਂ ਪਾਏ ਗਏ ਯੋਗਦਾਨ ਕਾਰਨ 28 ਮਾਰਚ ਦਿਨ ਸ਼ਨਿਚਰਵਾਰ ਨੂੰ ਬ੍ਰਾਹਮਣ ਸਭਾ ਮੌੜਾਂ ਵਿਖੇ ਪੰਡਿਤ ਸੋਮ ਨਾਥ ਕਵੀਸ਼ਰ ਰੋਡਿਆਂ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮਹਾਨ ਅਜ਼ਾਦੀ ਘੁਲਾਟੀਏ ਪਰਿਵਾਰ ਸੰਤ ਕਿਰਪਾਲ ਸਿੰਘ ਅਤੇ ਬਾਬਾ ਬਲਵੰਤ ਸਿੰਘ ਰੋਡਿਆਂ ਵਾਲਿਆਂ ਦੇ ਪਰਿਵਾਰਾਂ ਅਤੇ ਸਾਬਕਾ ਡਿਪਟੀ ਡਾਇਰੈਕਟਰ, ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ, ਡਾ. ਹਰੀ ਚੰਦ ਨੰਗਲ, ਡਾ. ਫ਼ਕੀਰ ਮੁਹੰਮਦ, ਡਾ. ਸ਼ਿਵਦੇਵ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।