- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਯੂਨੀਵਰਸਿਟੀ ਨੇ ਜਜ਼ਬੇ,

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਨੇ ਜਜ਼ਬੇ, ਸੰਘਰਸ਼ ਅਤੇ ਰਾਸ਼ਟਰੀ ਮਾਣ ਦੀ ਇਸ ਪ੍ਰੇਰਣਾਦਾਇਕ ਕਹਾਣੀ ਦਾ ਮਨਾਇਆ ਜਸ਼ਨ ਜਿੱਥੇ ਕਈ ਨੌਜਵਾਨ ਖਿਡਾਰੀਆਂ ਲਈ ਭਾਰਤ ਦੀ ਨੁਮਾਇੰਦਗੀ ਕਰਨਾ ਸਿਰਫ਼ ਇਕ ਸੁਪਨਾ ਹੁੰਦਾ ਹੈ, ਉੱਥੇ ਸੀਟੀ ਯੂਨੀਵਰਸਿਟੀ ਦੀ ਬੀਏ ਦੂਜੇ ਸਾਲ ਦੀ ਵਿਦਿਆਰਥਣ ਸਨੇਹਾ ਘਰਾਮੀ ਨੇ ਆਪਣੀ ਅਥਕ ਮਿਹਨਤ, ਅਡਿੱਗ ਹੌਂਸਲੇ ਅਤੇ ਆਰਥਿਕ ਮੁਸ਼ਕਲਾਂ ਨਾਲ ਲੜਦਿਆਂ ਇਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ। ਪੱਛਮੀ ਬੰਗਾਲ ਦੇ ਹਾਵੜਾ ਦੀ ਰਹਿਣ ਵਾਲੀ ਸਨੇਹਾ ਦੀ ਚੋਣ 17 ਤੋਂ 27 ਸਤੰਬਰ 2026 ਤੱਕ ਕੈਨੇਡਾ ਦੇ ਵਿਨੀਪੇਗ ਵਿਚ ਹੋਣ ਵਾਲੀ ਕਾਮਨਵੈਲਥ ਪਾਵਰਲਿਫਟਿੰਗ ਚੈਂਪੀਅਨਸ਼ਿਪ 2026 ਵਿਚ ਜੂਨੀਅਰ 76 ਕਿੱਲੋਗ੍ਰਾਮ ਵਰਗ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਹੋਈ ਹੈ। ਇਸ ਉਪਲਬਧੀ ਦੇ ਪਿੱਛੇ ਸੰਘਰਸ਼, ਹੌਂਸਲੇ ਅਤੇ ਆਤਮ-ਵਿਸ਼ਵਾਸ ਦੀ ਪ੍ਰੇਰਣਾਦਾਇਕ ਕਹਾਣੀ ਹੈ। ਇਕ ਸਧਾਰਣ ਆਰਥਿਕ ਪਿਛੋਕੜ ਵਾਲੇ ਪਰਿਵਾਰ ਤੋਂ ਆਈ ਸਨੇਹਾ ਨੂੰ ਆਪਣੇ ਖੇਡ ਕਰੀਅਰ ਨੂੰ ਅੱਗੇ ਵਧਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਸੀਟੀ ਯੂਨੀਵਰਸਿਟੀ ਦੀ ਸਪੋਰਟਸ ਸਕਾਲਰਸ਼ਿਪ ਯੋਜਨਾ ਨੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਚ ਪੱਧਰੀ ਟ੍ਰੇਨਿੰਗ ਜਾਰੀ ਰੱਖਣ ਦਾ ਮੌਕਾ ਦਿੱਤਾ, ਜਿਸ ਨਾਲ ਉਹ ਆਪਣੇ ਸੁਪਨਿਆਂ ਵੱਲ ਲਗਾਤਾਰ ਅੱਗੇ ਵਧਦੀਆਂ ਰਹੀਆਂ। ਸਨੇਹਾ ਦੀ ਚੋਣ ਹੈਦਰਾਬਾਦ ਵਿਚ ਹੋਈ ਰਾਸ਼ਟਰੀ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੋਈ। ਉਨ੍ਹਾਂ ਨੇ ਸਕੁਆਟ ਵਿਚ 222.5 ਕਿੱਲੋਗ੍ਰਾਮ ਭਾਰ ਚੁੱਕ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ 212.5 ਕਿਲੋਗ੍ਰਾਮ ਤੋੜ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੁਆਟ ਅਤੇ ਡੈੱਡਲਿਫਟ ਵਿਚ ਸੋਨੇ ਦੇ ਤਗਮੇ ਅਤੇ ਬੈਂਚ ਪ੍ਰੈੱਸ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਸਨੇਹਾ ਦਾ ਸਫ਼ਰ ਲਗਾਤਾਰ ਉੱਪਲਬਧੀਆਂ ਨਾਲ ਭਰਿਆ ਰਿਹਾ ਹੈ। ਇਸ ਤੋਂ ਪਹਿਲਾਂ ਉਹ ਏਸ਼ੀਅਨ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਤਿੰਨ ਸੋਨੇ ਦੇ ਤਗਮੇ, ਰਾਸ਼ਟਰੀ ਇਕੁਇਪਡ ਪਾਵਰਲਿਫਟਿੰਗ ਚੈਂਪੀਅਨਸ਼ਿਪ ਪੰਜਾਬ 2024 ਵਿਚ ਓਵਰਆਲ ਗੋਲਡ ਅਤੇ ਫੈਡਰੇਸ਼ਨ ਕੱਪ ਪਾਵਰਲਿਫਟਿੰਗ ਚੈਂਪੀਅਨਸ਼ਿਪ ਦਿੱਲੀ 2024 ਵਿਚ ਵੀ ਓਵਰਆਲ ਗੋਲਡ ਜਿੱਤ ਚੁੱਕੀ ਹੈ। ਅੱਜ ਉਨ੍ਹਾਂ ਦੀ ਕਹਾਣੀ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਸੀਮਤ ਸਰੋਤਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਣ ਦਾ ਹੌਸਲਾ ਰੱਖਦੇ ਹਨ। ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਸੀਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਸਨੇਹਾ ਦੀ ਉੱਪਲਬਧੀ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ, ਸਗੋਂ ਇਹ ਸੰਘਰਸ਼, ਹਿੰਮਤ ਅਤੇ ਅਟੱਲ ਵਿਸ਼ਵਾਸ ਦੀ ਮਿਸਾਲ ਹੈ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ। ਸੀਟੀ ਯੂਨੀਵਰਸਿਟੀ ਹਰ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਅੱਗੇ ਵਧਣ ਲਈ ਹਰ ਸੰਭਵ ਮੌਕਾ ਦੇਣ ਲਈ ਵਚਨਬੱਧ ਹੈ। ਭਾਰਤ ਦੀ ਨੁਮਾਇੰਦਗੀ ਲਈ ਉਨ੍ਹਾਂ ਦੀ ਚੋਣ ਪੂਰੇ ਯੂਨੀਵਰਸਿਟੀ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ। ਡਾਇਰੈਕਟਰ ਸਪੋਰਟਸ ਗੁਰਦੀਪ ਸਿੰਘ ਨੇ ਕਿਹਾ ਸਨੇਹਾ ਨੇ ਸ਼ੁਰੂ ਤੋਂ ਹੀ ਅਨੁਸ਼ਾਸਨ, ਸਮਰਪਣ ਅਤੇ ਸਖ਼ਤ ਮਿਹਨਤ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਵੱਲੋਂ ਬਣਾਏ ਗਏ ਹਰ ਰਿਕਾਰਡ ਦੇ ਪਿੱਛੇ ਸਾਲਾਂ ਦੀ ਮਿਹਨਤ ਹੈ। ਸਾਨੂੰ ਮਾਣ ਹੈ ਕਿ ਅਸੀਂ ਉਨ੍ਹਾਂ ਨੂੰ ਇਕ ਅੰਤਰਰਾਸ਼ਟਰੀ ਖਿਡਾਰਨ ਵਜੋਂ ਵਿਕਸਤ ਹੁੰਦੇ ਦੇਖਿਆ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਵਿਸ਼ਵ ਪੱਧਰ ’ਤੇ ਭਾਰਤ ਦਾ ਨਾਮ ਰੌਸ਼ਨ ਕਰਨਗੀ। ਡਾਇਰੈਕਟਰ, ਡਿਪਾਰਟਮੈਂਟ ਆਫ ਸਟੂਡੈਂਟ ਵੈੱਲਫੇਅਰ ਡੀਐੱਸਡਬਲਿਊ, ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ “ਸਨੇਹਾ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਸੀਟੀ ਯੂਨੀਵਰਸਿਟੀ ਕਲਾਸਰੂਮ ਤੋਂ ਬਾਹਰ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਦਾ ਸਫ਼ਰ ਹਰ ਵਿਦਿਆਰਥੀ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜੇ ਦ੍ਰਿੜ੍ਹ ਇਰਾਦੇ ਨਾਲ ਸਹੀ ਮੌਕੇ ਮਿਲ ਜਾਣ ਤਾਂ ਕੋਈ ਵੀ ਰੁਕਾਵਟ ਸਫ਼ਲਤਾ ਦੇ ਰਾਹ ਵਿਚ ਨਹੀਂ ਆ ਸਕਦੀ। ਭਾਰਤੀ ਜਰਸੀ ਪਹਿਨ ਕੇ ਅੰਤਰਰਾਸ਼ਟਰੀ ਮੰਚ ’ਤੇ ਉੱਤਰਣ ਜਾ ਰਹੀ ਸਨੇਹਾ ਘਰਾਮੀ ਦੀ ਇਹ ਉੱਪਲਬਧੀ ਸਿਰਫ਼ ਖੇਡ ਜਗਤ ਦੀ ਸਫ਼ਲਤਾ ਨਹੀਂ, ਸਗੋਂ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਜਦੋਂ ਦ੍ਰਿੜ੍ਹ ਸੰਕਲਪ ਨੂੰ ਸਹੀ ਮੌਕੇ ਮਿਲਦੇ ਹਨ ਤਾਂ ਕੋਈ ਵੀ ਸੁਪਨਾ ਅਸੰਭਵ ਨਹੀਂ ਰਹਿੰਦਾ। ਉਨ੍ਹਾਂ ਦੀ ਸਫ਼ਲਤਾ ਨੇ ਸੀਟੀ ਯੂਨੀਵਰਸਿਟੀ ਦੀ ਉਸ ਮਾਣਮੱਤੀ ਪਰੰਪਰਾ ਵਿਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ ਹੈ, ਜਿੱਥੋਂ ਨਿਕਲਣ ਵਾਲੇ ਖਿਡਾਰੀ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰ ਰਹੇ ਹਨ।