- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਟਾਇਰਡ ਰੈਵੀਨਿਊ ਕਾਨੂੰਨਗੋ -ਪਟਵਾਰੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਜਿੱਥੇ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਉੱਥੇ ਹੀ ਸੇਵਾਮੁਕਤ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਪ੍ਰਸ਼ਾਸਨਿਕ ਮੁਸ਼ਕਲਾਂ, ਪੇ ਕਮਿਸ਼ਨ ਦੇ ਬਕਾਏ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੀ ਸ਼ੁਰੂਆਤ ਮੌਕੇ ਗੁਰਦੇਵ ਸਿੰਘ ਕਾਨੂੰਨਗੋ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ। ਇਸ ਮੌਕੇ ਪਰਮਜੀਤ ਸਿੰਘ ਪਟਵਾਰੀ ਗਿੱਲ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਲ ਕਰਕੇ ਜਥੇਬੰਦੀ ਵਿੱਚ ਸ਼ਮੂਲੀਅਤ ਕੀਤੀ, ਜਦਕਿ ਮੱਖਣ ਸਿੰਘ ਪਟਵਾਰੀ ਸਿਹਤਯਾਬ ਹੋਣ ਉਪਰੰਤ ਲੰਬੇ ਸਮੇਂ ਬਾਅਦ ਮੀਟਿੰਗ ਵਿੱਚ ਸ਼ਾਮਲ ਹੋਏ। ਦੋਵਾਂ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਤਿਆਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਮੈਂਬਰਾਂ ਦੇ ਨਾਮ, ਪਤੇ ਅਤੇ ਫ਼ੋਨ ਨੰਬਰਾਂ ਸਮੇਤ ਇੱਕ ਵਿਸਥਾਰਪੂਰਵਕ ਡਾਇਰੈਕਟਰੀ ਤਿਆਰ ਕਰਨ 'ਤੇ ਵੀ ਸਹਿਮਤੀ ਬਣੀ। ਹਾਜ਼ਰ ਮੈਂਬਰਾਂ ਤੋਂ ਜਥੇਬੰਦੀ ਦੇ ਨਿਯਮਾਂ ਅਨੁਸਾਰ ਚੰਦਾ ਇਕੱਠਾ ਕੀਤਾ ਗਿਆ। ਗੈਰ-ਹਾਜ਼ਰ ਰਹਿਣ ਵਾਲੇ ਮੈਂਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ 5 ਦਸੰਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਆਗੂਆਂ ਨੇ ਕਿਹਾ ਕਿ ਜਿਹੜੇ ਮੈਂਬਰ ਲਗਾਤਾਰ ਮੀਟਿੰਗਾਂ ਤੋਂ ਗੈਰ-ਹਾਜ਼ਰ ਰਹਿੰਦੇ ਹਨ, ਉਹ ਆਪਣੀ ਹਾਜ਼ਰੀ ਵਿੱਚ ਸੁਧਾਰ ਲਿਆਉਣ, ਨਹੀਂ ਤਾਂ ਉਨ੍ਹਾਂ ਵਿਰੁੱਧ ਜਥੇਬੰਦੀ ਦੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੇ ਕਮਿਸ਼ਨ ਦੇ ਬਕਾਏ ਨਾ ਮਿਲਣ 'ਤੇ ਨਾਰਾਜ਼ਗੀ ਪ੍ਰਗਟਾਈ ਗਈ। ਮੈਡੀਕਲ ਬਿੱਲਾਂ ਦੀ ਅਦਾਇਗੀ ਵਿਚ ਦੇਰੀ ਅਤੇ ਬਿੱਲ ਗੁੰਮ ਹੋਣ ਦਾ ਮਾਮਲਾ ਵੀ ਉਠਾਇਆ ਗਿਆ।ਐਸੋਸੀਏਸ਼ਨ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੇ ਕਮਿਸ਼ਨ ਦੇ ਸਾਰੇ ਲੰਬਿਤ ਬਕਾਏ ਤੁਰੰਤ ਤਿਆਰ ਕਰਵਾ ਕੇ ਅਦਾਇਗੀ ਯਕੀਨੀ ਬਣਾਈ ਜਾਵੇ। ਮੀਟਿੰਗ ਵਿਚ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਸਹਾਇਕ ਖ਼ਜ਼ਾਨਚੀ, ਲਖਵੀਰ ਸਿੰਘ ਸਹਾਇਕ ਸਕੱਤਰ, ਰਤਨ ਸਿੰਘ ਗਿੱਲ, ਗੁਰਦੋਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਜਸਵੰਤ ਸਿੰਘ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਮੱਖਣਜੀਤ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਚਮਕੌਰ ਸਿੰਘ ਐਡੀਟਰ, ਜਸਵੰਤ ਸਿੰਘ ਸੂਬੇਦਾਰ, ਗੁਰਮੇਲ ਸਿੰਘ ਰਖਾਲਾ, ਗੁਰਮੀਤ ਸਿੰਘ ਅਤੇ ਗੁਰਨਾਮ ਸਿੰਘ ਕਾਨੂੰਨਗੋ ਤੋਂ ਇਲਾਵਾ ਸੀਤਲ ਕੁਮਾਰ ਐੱਸਕੇ ਅਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਵੀ ਹਾਜ਼ਰ ਸਨ।