ਮੋਗਾ, ਬਾਘਾਪੁਰਾਣਾ ਤੇ ਧਰਮਕੋਟ ਹਲਕਿਆਂ ਚ ਨਹਿਰੀ ਪਾਣੀ ਹੇਠ ਸਿੰਚਾਈ ਖੇਤਰ ਵਿਚ 20085 ਏਕੜ ਦਾ ਵੱਡਾ ਵਾਧਾ, ਕੁੱਲ 94 ਪਿੰਡਾਂ ਦੇ ਖੇਤੀ ਹੇਠਲੇ ਰਕਬੇ ਨੂੰ ਮਿਲੇਗਾ ਲਾਭ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ ☻: ਪੰਜਾਬ ਸਰਕਾਰ ਵੱਲੋਂ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚਾਉਣ ਦੇ ਯਤਨਾਂ ਤਹਿਤ ਮੋਗਾ ਜ਼ਿਲ੍ਹਾ ਅੱਜ ਇਤਿਹਾਸ ਦਾ ਗਵਾਹ ਬਣਿਆ ਜਦ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਜ਼ਿਲ੍ਹੇ ਵਿਚ 105.49 ਕਰੋੜ ਰੁਪੈ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਮੋਗਾ, ਬਾਘਾਪੁਰਾਣਾ ਤੇ ਧਰਮਕੋਟ ਹਲਕਿਆਂ ਵਿਚ ਸਿੰਚਾਈ ਪ੍ਰਾਜੈਕਟਾਂ ਦਾ ਸੰਚਾਈ ਗੋਇਲ਼ ਵੱਲੋਂ ਉਦਘਾਟਨ ਕੀਤਾ ਗਿਆ, ਜਿਸ ਵਿਚ ਮੁੱਖ ਤੌਰ ‘ਤੇ ਸੂਇਆਂ/ਰਜਬਾਹਿਆਂ ਦੀ ਕੰਕਰੀਟ ਲਾਇਨਿੰਗ, ਜ਼ਮੀਨਦੋਜ਼ ਪਾਈਪਾਂ ਰਾਹੀੰ ਸਿੰਚਾਈ ਦੇ ਪ੍ਰਾਜੈਕਟ ਮੁੱਖ ਰੂਪ ਵਿਚ ਸ਼ਾਮਲ ਹਨ। ਉਨ੍ਹਾਂ ਬੁੱਧਵਾਰ ਨੂੰ ਮੋਗਾ ਦੇ ਪਿੰਡ ਝੰਡੇਆਣਾ, ਬਾਘਾਪੁਰਾਣਾ ਦੇ ਪਿੰਡ ਸੁਖਾਨੰਦ, ਸਾਹੋਕੇ ਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਦਾ 20085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਵੇਖਿਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਿੱਥੇ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫੀਸਦੀ ਸੀ, ਉਹ ਹੁਣ 86 ਫੀਸਦੀ ਹੋ ਗਈ ਹੈ, ਜਿਸ ਨਾਲ ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ। ਧਰਮਕੋਟ ਵਿਧਾਨ ਸਭਾ ਹਲਕੇ ਦੇ ਸੂਇਆਂ ਤੇ ਰਜਬਾਹਿਆਂ ਦੀ ਕੰਕਰੀਟ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ 79.56 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ। ਇਸ ਪ੍ਰੋਜੈਕਟ ਤਹਿਤ ਕੰਕਰੀਟ, ਪਾਈਪਲਾਈਨ ਤੇ ਵਾਟਰ ਕੋਰਸ ਦੀ ਲਾਈਨਿੰਗ ਦੀ ਕੁੱਲ ਲੰਬਾਈ 175.24 ਕਿਲੋਮੀਟਰ ਬਣਦੀ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧੇ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ। ਇਸ ਪ੍ਰੋਜੈਕਟ ਤੋਂ ਪਹਿਲਾਂ 24270 ਏਕੜ ਸਿੰਚਾਈ ਵਾਲਾ ਰਕਬਾ ਵਧ ਕੇ 41894 ਹੋ ਜਾਵੇਗਾ, ਭਾਵ ਇਸ ਪ੍ਰੋਜੈਕਟ ਨਾਲ 18174 ਏਕੜ ਰਕਬਾ ਸਿੰਚਾਈ ਅਧੀਨ ਹੋ ਜਾਵੇਗਾ। ਇਸ ਪ੍ਰਜੈਕਟ ਤਹਿਤ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ ਪ੍ਰੋਜੈਕਟਾਂ ਦੀ ਅਲੱਗ ਅਲੱਗ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਜਿਹੜਾ ਕਿ 52.51 ਕਰੋੜ ਦੀ ਲਾਗਤ ਵਾਲਾ ਹੈ, ਨਾਲ 26458 ਏਕੜ ਰਕਬਾ ਹੁਣ ਸਿੰਚਾਈ ਹੋ ਜਾਵੇਗਾ ਜਿਹੜਾ ਕਿ ਪਹਿਲਾਂ 16450 ਏਕੜ ਸੀ, 10,008 ਏਕੜ ਰਕਬਾ ਇਸ ਨਾਲ ਸਿੰਚਾਈ ਆਵੇਗਾ। ਇਸ ਲਾਈਨਿੰਗ ਦੀ ਲੰਬਾਈ 66.32 ਕਿਲੋਮੀਟਰ ਹੈ। ਇਸ ਨਾਲ ਨੇੜੇ ਦੇ 20 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਨ੍ਹਾਂ ਪਿੰਡਾਂ ਵਿਚ ਤਲਵੰਡੀ ਮੱਲੀਆਂ, ਦਾਇਆ ਕਲਾਂ, ਕੋਕਰੀ ਬੁੱਟਰਾਂ, ਭਿੰਡਰ ਕਲਾਂ, ਕਿਸ਼ਨਪੁਰਾ, ਕਪੂਰੇ, ਚੱਕ ਬੀਜਾਸਰ, ਪੁਰਾਣੇਵਾਲਾ, ਰੌਲੀ, ਖੇੜਾ ਸਵਾਦ, ਬੁੱਘੀਪੁਰਾ, ਚੁਗਾਵਾਂ, ਜਲਾਲਾਬਾਦ, ਫਤਿਹਗੜ੍ਹ ਕੋਰੋਟਾਣਾ, ਮਹਿਣਾ, ਦਾਤਾ, ਤਤਾਰੀਏਵਾਲਾ, ਤਲਵੰਡੀ ਭੰਗੇਰੀਆਂ, ਭਿੰਡਰ ਖੁਰਦ, ਦੋਸਾਂਝ ਸ਼ਾਮਲ ਹਨ। ਉਨ੍ਹਾਂ ਦੱਸਿਆ ਦੌਲਤਵਾਹ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਦਾ 14.66 ਕਰੋੜ ਵਾਲੇ ਪ੍ਰੋਜੈਕੋਟ ਨਾਲ 8974 ਏਕੜ ਰਕਬਾ ਸਿੰਚਾਈ ਅਧੀਨ ਆ ਗਿਆ ਹੈ। ਪ੍ਰੋਜੈਕਟ ਤੋਂ ਪਹਿਲਾਂ 6462 ਏਕੜ ਰਕਬਾ ਸਿੰਚਾਈ ਅਧੀਨ ਸੀ ਅਤੇ ਇਸ ਪ੍ਰੋਜੈਕਟਲ ਨਾਲ 15436 ਏਕੜ ਰਕਬਾ ਸਿੰਚਾਈ ਅਧੀਨ ਆ ਜਾਵੇਗਾ। ਇਸ ਲਾਈਨਿੰਗ ਦੀ ਲੰਬਾਈ 38.44 ਕਿਲੋਮੀਟਰ ਹੈ। ਇਸ ਨਾਲ ਨੇੜੇ ਦੇ 30 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਵਾਟਰ ਕੋਰਸਾਂ ਦੀ ਉਸਾਰੀ ਅਤੇ ਪਾਈਪਲਾਈਨਾਂ ਵਿਛਾਉਣ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ 3892 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ। ਪਹਿਲਾਂ ਇਹ ਰਕਬਾ 1357 ਏਕੜ ਸੀ ਅਤੇ ਪ੍ਰੋਜੈਕਟ ਤੋਂ ਬਾਅਦ ਇਹ ਸਿੰਚਾਈ ਅਧੀਨ ਰਕਬਾ 5256 ਏਕੜ ਹੋ ਜਾਵੇਗਾ। ਪਾਈਪਲਾਈਨ ਦੀ ਲੰਬਾਈ 67.74 ਕਿਲੋਮੀਟਰ ਹੈ। ਵਾਟਰ ਕੋਰਸ ਦੀ ਲੰਬਾਈ: 2.74 ਕਿਲੋਮੀਟਰ ਇਸ ਪ੍ਰਜੋਕੈਟ ਉਪਰ 12.59 ਕਰੋੜ ਦਾ ਖਰਚਾ ਆਵੇਗਾ ਅਤੇ ਇਸ ਨਾਲ 29 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ। ਇਨ੍ਹਾਂ ਪਿੰਡਾਂ ਵਿਚ ਔਗੜ, ਬੱਦੂਵਾਲ, ਚੁੱਘਾ ਕਲਾਂ, ਧਰਮ ਸਿੰਘ ਵਾਲਾ, ਫਤਿਉਲਾ ਸ਼ਾਹ, ਧਰਮਕੋਟ, ਫਤਿਹਗੜ੍ਹ ਕੋਰੋਟਾਣਾ, ਫਤਿਹਗੜ੍ਹ ਪੰਜਤੂਰ, ਫਿਰੋਜ਼ਵਾਲਾ ਬਾਡਾ, ਇੰਦਰਗੜ੍ਹ, ਜਲਾਲਾਬਾਦ, ਜਨੇਤਪੁਰਾ, ਕੜਾਹੇਵਾਲਾ, ਕੈਲਾ, ਖੇੜਾ ਡਰੋਲੀ, ਕਿੱਲੀ ਗੰਧਰਾਂ, ਲਾਲੀਹਾਂਦੀ, ਲੋਹਗੜ੍ਹ, ਲੋਹਾਰਾ, ਸੋਢੀਵਾਲਾ, ਵਰ੍ਹੇ ਸ਼ਾਮਲ ਹਨ। ਮੋਗਾ ਹਲਕੇ ਵਿਚ ਕੁੱਲ 16 ਕੰਮਾਂ ਨੂੰ ਜਿਸ ਵਿਚ 92.06 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਇਨ ਪਾਉਣ ਅਤੇ ਨਹਿਰੀ ਖਾਲ਼ਿਆਂ ਦੀ ਉਸਾਰੀ ਨੂੰ 16.91 ਕਰੋੜ ਦੀ ਲਾਗਤ ਨਾਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਾਹੋਕੇ ਵਿਖੇ ਕੈਬਨਿਟ ਮੰਤਰੀ ਵੱਲੋਂ ਕੁੱਲ 7.13 ਕਰੋੜ ਰੁਪੈ ਦੀ ਲਾਗਤ ਨਾਲ ਖਾਲ਼ਿਆਂ ਦੀ ਲਾਇਨਿੰਗ ਤੇ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ। ਇਸ ਨਾਲ 1291 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਡਾ ਅਮਨਦੀਪ ਕੌਰ, ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਵਿਧਾਇਕ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।