ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਕਰਵਾ ਕੇ ਸਰਕਾਰ ਨੇ ਦਿੱਤਾ ਕਾਇਰਤਾ ਦਾ ਸਬੂਤ : ਸੰਧੂ ਬਰਨਾਲਾ ਵਿਖੇ ਆਪਣੀਂ ਹੱਕੀ
Publish Date: Fri, 24 Jul 2026 07:12 PM (IST)
Updated Date: Fri, 24 Jul 2026 07:13 PM (IST)
- ਕਿਹਾ, ਪੁਲਿਸ ਨੇ ਔਰਤ ਵਰਗ ਨੂੰ ਵੀ ਨਹੀਂ ਬਖਸ਼ਿਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਬਰਨਾਲਾ ਵਿਖੇ ਮੰਗਾਂ ਨੂੰ ਲੈਕੇ ਧਰਨੇ ’ਤੇ ਬੈਠੇ ਸਫ਼ਾਈ ਕਰਮਚਾਰੀਆਂ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਹਿ ’ਤੇ ਪੁਲਿਸ ਨੇ ਜੋ ਅੰਨਾ ਤਸ਼ੱਦਦ ਕੀਤਾ ਹੈ, ਅਜਿਹਾ ਕਰ ਕੇ ਸਰਕਾਰ ਨੇ ਆਪਣੀ ਕਾਇਰਤਾ ਦਾ ਸਬੂਤ ਦਿੱਤਾ ਹੈ, ਜਦਕਿ ਆਪਣੇ ਹੱਕਾਂ ਲਈ ਲੜਨਾ ਲੋਕਾਂ ਦਾ ਇਕ ਲੋਕਤੰਤਰਿਕ ਅਧਿਕਾਰ ਹੈ ਪਰ ‘ਆਪ’ ਸਰਕਾਰ ਨੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕਰਵਾ ਕੇ ਖੁਦ ਹੀ ਲੋਕਤੰਤਰ ਦਾ ਘਾਣ ਕੀਤਾ ਹੈ ਪਰ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਤੇ ਲੋਕ ਇਨ੍ਹਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸਪੀ ਮੁਖ਼ਤਿਆਰ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਧਰਨੇ ’ਤੇ ਬੈਠੀਆਂ ਔਰਤਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ਤੇ ਜਿਸ ਵਹਿਸ਼ੀਆਣਾ ਢੰਗ ਨਾਲ ਔਰਤਾਂ ’ਤੇ ਜ਼ੁਲਮ ਢਾਹਿਆ ਗਿਆ। ਇਸ ਨਾਲ ਸਮੁੱਚੀ ਮਨੁੱਖਤਾ ਸ਼ਰਮਸਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਧਰਨੇ ਲਾਉਣ ਲਈ ਮਜਬੂਰ ਹੈ ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਡਾਂਗਾਂ ਨਾਲ ਕਸਾਈਆਂ ਵਾਂਗ ਕੁਟਵਾਉਂਦੀ ਹੈ। ਸੰਧੂ ਨੇ ਕਿਹਾ ਕਿ ਲਾਠੀਆਂ ਨਾਲ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਹੋਰ ਵੀ ਪ੍ਰਚੰਡ ਰੂਪ ਧਾਰਨ ਕਰ ਕੇ ਲੋਕ ਰੋਹ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿਚ ਹਰ ਵਰਗ ਦੁਖੀ ਹੈ ਅਤੇ ਸੂਬੇ ਨੂੰ ਕਰਜਾਈ ਕਰ ਦਿੱਤਾ ਗਿਆ ਹੈ ਤੇ ਅਸਲ ਹਕੀਕਤ ਇਹ ਹੈ ਕਿ ਜਿਸ ਉਮੀਦਾਂ ਨਾਲ ਲੋਕਾਂ ਨੇ ਬਦਲਾਅ ਦੇ ਰੂਪ ਵਿਚ ਸਰਕਾਰ ਨੂੰ ਚੁਣਿਆ ਸੀ ਅੱਜ ਉਹੀ ਸਰਕਾਰ ਬਦਲਾਖੋਰੀ ਕਰ ਰਹੀ ਹੈ ਤੇ ਹੱਕ ਮੰਗਦੇ ਲੋਕ ’ਤੇ ਡੰਡਾ ਵਰ੍ਹਾਇਆ ਜਾ ਰਿਹਾ ਹੈ। ਸੰਧੂ ਨੇ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ‘ਆਪ’ ਨੂੰ ਸਬਕ ਸਿਖਾ ਦੇਣਗੇ ਅਤੇ ਇਸ ਨੂੰ ਚੱਲਦਾ ਕਰ ਕੇ ਸੂਬੇ ਵਿਚ ਭਾਜਪਾ ਦੀ ਸਰਕਾਰ ਲਿਆਉਣਗੇ ਅਤੇ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾ ਕੇ ਸੂਬੇ ਨੂੰ ਵਿਕਾਸ ਅਤੇ ਅਮਨ ਸ਼ਾਂਤੀ ਵੱਲ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਰਨਾਲਾ ਦੀ ਘਟਨਾ ਦੀ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਨਿਖੇਧੀ ਕਰਦੀ ਹੈ ਅਤੇ ਸਫ਼ਾਈ ਕਰਮਚਾਰੀਆਂ ਦੇ ਨਾਲ ਖੜ੍ਹੀ ਹੈ।