ਰੈਲੀ ‘ਚ ਲੋਕਾਂ ਦਾ ਇਕੱਠ ਜਨਤਕ ਸਮਰਥਨ ਦਾ ਪ੍ਰਤੀਕ : ਡਾ. ਅਰੋੜਾ
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
Publish Date: Tue, 17 Feb 2026 04:00 PM (IST)
Updated Date: Wed, 18 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਚ ਆਯੋਜਿਤ ਨਸ਼ਾ ਵਿਰੋਧੀ ਰੈਲੀ ਦੇ ਰਿਕਾਰਡ ਤੋੜ ਇਕੱਠ ਅਤੇ ਸਫਲ ਆਯੋਜਨ ਲਈ ਪਾਰਟੀ ਹਾਈ ਕਮਾਂਡ, ਆਗੂਆਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਵੱਡੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਪ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਲੋਕਾਂ ਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਮੋਗਾ ਨਸ਼ਿਆਂ ਦੇ ਵਿਰੁੱਧ ਹੈ ਅਤੇ ਲੋਕ ਸਰਕਾਰ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਨੂੰ ਢੁੱਕਵਾਂ ਜਵਾਬ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਭੀੜ ਇਕੱਠੀ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਸਮਾਗਮ ਤੋਂ ਨਾਰਾਜ਼ ਹਨ ਅਤੇ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਨਤਾ ਨੂੰ ਇਸ ਸਮਾਗਮ ਵਿਚ ਸੱਦਾ ਦਿੱਤਾ ਜਾਂਦਾ ਤਾਂ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਨ ਲਈ ਤਿੰਨ ਤੋਂ ਚਾਰ ਲੱਖ ਲੋਕ ਸਮਾਗਮ ਵਾਲੀ ਥਾਂ ਤੇ ਇਕੱਠੇ ਹੁੰਦੇ। ਉਨ੍ਹਾਂ ਨੇ ਇਸ ਸਮਾਗਮ ਲਈ ਮੋਗਾ ਜ਼ਿਲ੍ਹੇ ਦੀ ਚੋਣ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਰੈਲੀ ਨੂੰ ਸਫਲ ਬਣਾਉਣ ਵਿਚ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਮੋਗਾ ਹਲਕੇ ਦੇ ਪਾਰਟੀ ਆਗੂਆਂ, ਵਰਕਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।