ਸੰਤ ਨਿਰੰਕਾਰੀ ਮਿਸ਼ਨ ਦੇ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਤੇਜ਼ ਸੰਤ ਨਿਰੰਕਾਰੀ ਮਿਸ਼ਨ ਦਾ 79ਵਾਂ
Publish Date: Wed, 07 Oct 2026 04:35 PM (IST)
Updated Date: Wed, 07 Oct 2026 04:38 PM (IST)
ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਸੰਤ ਨਿਰੰਕਾਰੀ ਮਿਸ਼ਨ ਦਾ 79ਵਾਂ ਸਾਲਾਨਾ ਸੰਤ ਸਮਾਗਮ 23 ਤੋਂ 26 ਅਕਤੂਬਰ 2026 ਤੱਕ ਸਮਾਲਖਾ ਸਥਿਤ ਸੰਤ ਨਿਰੰਕਾਰੀ ਆਧਿਆਤਮਿਕ ਸਥੱਲ ਤੇ ਕਰਵਾਇਆ ਜਾਵੇਗਾ, ਜਿੱਥੇ ਹਰ ਕਦਮ ਮਾਨਵ ਕਲਿਆਣ ਦੇ ਰਾਹ ’ਤੇ ਵਧੇਗਾ, ਹਰ ਭਾਵ ਸਮਰਪਣ ਵਿਚ ਢਲੇਗਾ ਅਤੇ ਹਰ ਹਿਰਦਾ ਪ੍ਰੇਮ ਦੀ ਉਸ ਅਲੌਕਿਕ ਜੋਤ ਨਾਲ ਰੋਸ਼ਨ ਹੋਵੇਗਾ, ਜੋ ਮਾਨਵਤਾ ਨੂੰ ਇਕਸਾਰਤਾ, ਸਦਭਾਵਨਾ ਅਤੇ ਪ੍ਰਭੂ-ਭਗਤੀ ਦੇ ਸੂਤਰ ਵਿੱਚ ਪਰੋਣ ਦਾ ਸੰਦੇਸ਼ ਦਿੰਦੀ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਇਹ ਸਮਾਗਮ ਪ੍ਰੇਮ, ਸੇਵਾ, ਸਦਭਾਵਨਾ ਅਤੇ ਮਾਨਵ ਏਕਤਾ ਦੀ ਅਲੌਕਿਕ ਭਾਵਨਾ ਦਾ ਸੰਦੇਸ਼ ਦੇਵੇਗਾ। ਇਸ ਪਾਵਨ ਸਮਾਗਮ ਦੀ ਸ਼ੁਭ ਸੂਚਨਾ ਨਾਲ ਸ਼ਰਧਾਲੂਆਂ ਦੇ ਹਿਰਦੇ ਆਨੰਦ, ਉਮੰਗ ਅਤੇ ਪ੍ਰਭੂ-ਪ੍ਰੇਮ ਦੀ ਅਣੋਖੀ ਭਾਵਨਾ ਨਾਲ ਖਿੜ ਉੱਠੇ ਹਨ। ਅੰਤਰਮਨ ਵਿਚ ਜਦੋਂ ਪ੍ਰਭੂ ਦਾ ਚਾਨਣ ਜਾਗਦਾ ਹੈ, ਉਦੋਂ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ। ਸੇਵਾ ਵਿਚ ਸਮਰਪਣ, ਸਿਮਰਨ ਵਿਚ ਸ਼ਾਂਤੀ ਅਤੇ ਸਤਿਸੰਗ ਵਿਚ ਸੱਚ ਦੀ ਅਨੁਭੂਤੀ ਹੋਣ ਲੱਗਦੀ ਹੈ। ਇਹੋ ਆਤਮਿਕ ਚੇਤਨਾ ਅਤੇ ਬ੍ਰਹਮ ਗਿਆਨ ਮਨੁੱਖ ਨੂੰ ਪ੍ਰੇਮ ਅਤੇ ਪ੍ਰਭੂ-ਭਗਤੀ ਦੇ ਮਾਰਗ ’ਤੇ ਅੱਗੇ ਵਧਾਉਂਦੇ ਹਨ। ਇਸੇ ਅੰਦਰਲੇ ਚਾਨਣ ਅਤੇ ਚੇਤਨਾ ਦੇ ਨਵੇਂ ਜਾਗਰਣ ਦੀ ਅਲੌਕਿਕ ਅਨੁਭੂਤੀ ਨਾਲ ਭਰਪੂਰ ਇਸ ਸਾਲ ਦਾ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸ਼ਰਧਾਲੂਆਂ ਲਈ ਇਕ ਅਨੋਖੀ ਰੂਹਾਨੀ ਯਾਤਰਾ ਬਣੇਗਾ, ਜਿਸ ਦਾ ਪ੍ਰੇਰਨਾਦਾਇਕ ਵਿਸ਼ਾ ਹੈ: ਜਾਗ੍ਰਿਤੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬ੍ਰਾਂਚ ਠੱਠੀ ਭਾਈ ਦੇ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਇਸ ਰੂਹਾਨੀ ਉਤਸਵ ਦੀਆਂ ਤਿਆਰੀਆਂ ਸ਼ਰਧਾ, ਸਮਰਪਣ, ਲਗਨ ਅਤੇ ਨਿਸ਼ਕਾਮ ਸੇਵਾ-ਭਾਵ ਨਾਲ ਪੂਰੇ ਉਤਸ਼ਾਹ ਨਾਲ ਚੱਲ ਰਹੀਆਂ ਹਨ ਹਰ ਉਮਰ, ਵਰਗ ਅਤੇ ਪਿਛੋਕੜ ਦੀਆਂ ਸੀਮਾਵਾਂ ਤੋਂ ਪਰ੍ਹੇ, ਸ਼ਰਧਾਲੂ ਭਗਤ ਤਨ-ਮਨ ਨਾਲ ਸੇਵਾ ਵਿਚ ਲੀਨ ਹਨ। ਸਵੇਰ ਦੀ ਪਹਿਲੀ ਕਿਰਨ ਤੋਂ ਲੈ ਕੇ ਸ਼ਾਮ ਦੇ ਢਲਦੇ ਚਾਨਣ ਤੱਕ, ਸਮਾਗਮ ਸਥਲ ਦਾ ਹਰ ਕੋਨਾ ਸੇਵਾ, ਭਗਤੀ ਅਤੇ ਸਮਰਪਣ ਦੀ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰ ਰਿਹਾ ਹੈ। ਕੋਈ ਨਿਰਮਾਣ ਕਾਰਜਾਂ ਵਿਚ ਸਹਿਯੋਗ ਦੇ ਰਿਹਾ ਹੈ, ਕੋਈ ਟੈਂਟ ਸਜਾ ਰਿਹਾ ਹੈ, ਤਾਂ ਕੋਈ ਸਫ਼ਾਈ, ਜਲ ਵਿਵਸਥਾ ਅਤੇ ਲੰਗਰ ਸੇਵਾ ਨੂੰ ਸੁਚਾਰੂ ਬਣਾਉਣ ਵਿਚ ਲੱਗਿਆ ਹੋਇਆ ਹੈ। ਉੱਥੇ ਹੀ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਭਵੱਤਾ ਨੂੰ ਦਰਸਾਉਂਦਾ ਮੁੱਖ ਪ੍ਰਵੇਸ਼-ਦੁਆਰ ਵੀ ਆਕਾਰ ਲੈ ਰਿਹਾ ਹੈ, ਜੋ ਪ੍ਰੇਮ, ਮੇਲ ਜੋਲ ਅਤੇ ਆਤਮਿਕ ਏਕਤਾ ਵੱਲ ਵਧਦੇ ਕਦਮਾਂ ਦਾ ਪ੍ਰਤੀਕ ਬਣ ਕੇ ਸ਼ਰਧਾਲੂਆਂ ਦਾ ਸਵਾਗਤ ਕਰੇਗਾ। ਸੇਵਾ ਦਾ ਇਹ ਅਦਭੁਤ ਦ੍ਰਿਸ਼ ਉਸ ਸਮਰਪਣ ਦਾ ਪ੍ਰਤੱਖ ਪ੍ਰਗਟਾਵਾ ਹੈ, ਜੋ ਸਤਿਗੁਰੂ ਦੇ ਗਿਆਨ ਨਾਲ ਹਿਰਦੇ ਵਿੱਚ ਜਾਗ੍ਰਿਤ ਹੁੰਦਾ ਹੈ। ਵਾਸਤਵ ਵਿਚ, ਜਦੋਂ ਸੇਵਾ ਵਿਚ ਨਿਸ਼ਕਾਮ ਭਾਵਨਾ ਅਤੇ ਸਮਰਪਣ ਜੁੜ ਜਾਂਦਾ ਹੈ ਤਾਂ ਸਾਧਾਰਨ ਤੋਂ ਸਾਧਾਰਨ ਪਲ ਵੀ ਆਨੰਦ ਅਤੇ ਉਤਸਵ ਦੀ ਅਨੁਭੂਤੀ ਨਾਲ ਭਰ ਜਾਂਦਾ ਹੈ। ਬਿਨਾਂ ਸ਼ੱਕ, ਇਹ ਸੰਤ ਸਮਾਗਮ ਮਹਿਜ਼ ਇਕ ਆਯੋਜਨ ਨਹੀਂ, ਸਗੋਂ ਮਾਨਵਤਾ, ਸਮਰਸਤਾ ਅਤੇ ਏਕਤਾ ਦਾ ਇਕ ਅਨੋਖਾ ਤਿਉਹਾਰ ਹੈ। ਵੱਖ-ਵੱਖ ਸਭਿਆਚਾਰਾਂ ਅਤੇ ਪਿਛੋਕੜਾਂ ਤੋਂ ਆਏ ਸ਼ਰਧਾਲੂ ਇੱਥੇ ਵਸੁਧੈਵ ਕੁਟੁੰਬਕਮ (ਪੂਰੀ ਸ੍ਰਿਸ਼ਟੀ ਇਕ ਪਰਿਵਾਰ ਹੈ) ਦੀ ਭਾਵਨਾ ਨੂੰ ਸਾਕਾਰ ਕਰਦਿਆਂ ਸਤਿਗੁਰੂ ਦੀ ਅੰਮ੍ਰਿਤਬਾਣੀ ਨਾਲ ਆਪਣੇ ਅੰਤਰਮਨ ਨੂੰ ਰੋਸ਼ਨ ਕਰਦੇ ਹਨ। ਪ੍ਰੇਮ, ਸ਼ਾਂਤੀ ਅਤੇ ਮਾਨਵ ਏਕਤਾ ਦੇ ਇਸ ਅਲੌਕਿਕ ਮਹਾਉਤਸਵ ਵਿਚ ਹਰੇਕ ਭੈਣ-ਭਰਾ ਅਤੇ ਸੱਜਣ ਭਗਤ ਦਾ ਹਾਰਦਿਕ ਸਵਾਗਤ ਹੈ।