ਗਰੀਨ ਵੈਲੀ ਕਾਨਵੈਂਟ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਰੀਨ ਵੈਲੀ ਕਾਨਵੈਂਟ ਸਕੂਲ
Publish Date: Mon, 09 Nov 2026 03:33 PM (IST)
Updated Date: Mon, 09 Nov 2026 03:35 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਗਰੀਨ ਵੈਲੀ ਕਾਨਵੈਂਟ ਸਕੂਲ ਵਿਖੇ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਦੀਵਾਲੀ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਰੰਗ-ਬਿਰੰਗੀਆਂ ਲਾਈਟਾਂ, ਦੀਵਿਆਂ, ਰੰਗੋਲੀਆਂ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਹੱਥੀਂ ਬਣਾਈਆਂ ਸਜਾਵਟੀ ਵਸਤੂਆਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਚਾਰੇ ਹਾਊਸਾਂ ਅਗਨੀ, ਪ੍ਰਿਥਵੀ, ਸਲਿਲ ਅਤੇ ਵਯੋਮ ਦੇ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕਤਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ੁਭ ਮੌਕੇ ਤੇ ਸਕੂਲ ਦੇ ਚੇਅਰਮੈਨ ਜਤਿੰਦਰ ਗਰਗ, ਮੈਨੇਜਰ ਅਨੀਤਾ ਗਰਗ, ਸਕੂਲ ਦੇ ਪ੍ਰਬੰਧਕ ਕ੍ਰਿਸ਼ਨ ਗਰਗ ਅਤੇ ਪ੍ਰਿੰਸੀਪਲ ਨੀਤੂ ਕਪੂਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੋਆਰਡੀਨੇਟਰਾਂ, ਐਕਟੀਵਿਟੀ ਇੰਚਾਰਜਾਂ, ਟਰਾਂਸਪੋਰਟ ਇੰਚਾਰਜ ਸੋਨੂੰ ਗਿੱਲ ਜੀ ਅਤੇ ਸਮੂਹ ਅਧਿਆਪਕਾਂ ਵੱਲੋਂ ਕੀਤੇ ਗਏ ਸ਼ਾਨਦਾਰ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਸਿਰਫ਼ ਪਟਾਕੇ ਚਲਾਉਣ ਦਾ ਤਿਉਹਾਰ ਨਹੀਂ, ਸਗੋਂ ਖੁਸ਼ੀਆਂ ਵੰਡਣ, ਪਿਆਰ ਫੈਲਾਉਣ ਅਤੇ ਹਨੇਰੇ ਨੂੰ ਰੌਸ਼ਨੀ ਨਾਲ ਦੂਰ ਕਰਨ ਦਾ ਤਿਉਹਾਰ ਹੈ। ਵਿਦਿਆਰਥੀਆਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਅਤੇ ਉੱਚੀ ਆਵਾਜ਼ ਵਾਲੇ ਪਟਾਕਿਆਂ ਤੋਂ ਦੂਰ ਰਹਿਣ, ਵਾਤਾਵਰਨ ਦੀ ਸੰਭਾਲ ਕਰਨ ਅਤੇ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਦੀ ਦੀਵਾਲੀ ਵੀ ਖੁਸ਼ੀਆਂ ਭਰੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸੁਰੱਖਿਅਤ ਰਹਿਣ, ਸਿਹਤਮੰਦ ਜੀਵਨ ਅਪਣਾਉਣ, ਸਾਫ਼-ਸੁਥਰਾ ਰਹਿਣ ਅਤੇ ਬਾਜ਼ਾਰ ਦੀਆਂ ਮਿਲਾਵਟੀ ਮਿਠਾਈਆਂ ਦੀ ਬਜਾਏ ਘਰ ਵਿੱਚ ਬਣੇ ਸ਼ੁੱਧ ਅਤੇ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਣ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਰਚਨਾਤਮਕਤਾ, ਆਪਸੀ ਸਹਿਯੋਗ, ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਤਰ੍ਹਾਂ ਗਰੀਨ ਵੈਲੀ ਕਾਨਵੈਂਟ ਸਕੂਲ ਨੇ ਦੀਵਾਲੀ ਦੇ ਇਸ ਪਾਵਨ ਤਿਉਹਾਰ ਨੂੰ ਖੁਸ਼ੀਆਂ, ਰੌਸ਼ਨੀਆਂ ਅਤੇ ਸਮਾਜਿਕ ਸੰਦੇਸ਼ਾਂ ਨਾਲ ਯਾਦਗਾਰੀ ਬਣਾ ਦਿੱਤਾ।